ਮੋਗਾ, 25 ਦਸੰਬਰ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਬ ਡਵੀਜ਼ਨ ਧਰਮਕੋਟ ਦੇ ਤਿੰਨ ਪਿੰਡ ਢੋਲੇਵਾਲਾ, ਨੂਰਪੁਰ ਹਕੀਮਾਂ ਤੇ ਸ਼ੇਰਪੁਰ ਤਾਇਬਾਂ ਸਿੰਘ ਸਰਚ ਅਪ੍ਰੇਸ਼ਨ ਕਾਸੋ ਕੀਤਾ ਗਿਆ | ਇਸ ਸਬੰਧੀ ਡੀ. ਐਸ. ਪੀ. ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨੇ ਹੀ ਪਿੰਡ ਡਰੱਗ ਹੌਟ ਸਪਾਟ ਹਨ ਪਰ ਮੋਗਾ ਪੁਲਿਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿੰਡ ਢੋਲੇਵਾਲਾ ਦੇ ਸੱਤ ਨੌਜਵਾਨ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ਵਾਸ 'ਚ ਲੈ ਕੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਤੋਂ ਛੁਡਾਉਣ ਲਈ ਜਨੇਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖਤੀ ਨਾਲ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਾ ਤਸਕਰੀ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਅਪਣਾ ਲੈਣ, ਨਹੀਂ ਤਾਂ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਹੋ ਜਾਣ |