ਮੋਗਾ, 29 ਦਸੰਬਰ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਚੱਲ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਜ਼ਿਲ੍ਹਾ ਮੋਗਾ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਜ਼ਿਲ੍ਹਾ ਪੈੱ੍ਰਸ ਸਕੱਤਰ ਭਵਨਦੀਪ ਸਿੰਘ ਪੁਰਬਾ ਦੀ ਅਗਵਾਈ ਹੇਠ ਧੁੰਦ ਤੇ ਰਾਤ ਦੇ ਹਨੇਰਿਆਂ ਵਿਚ ਬਿਨਾਂ ਬੈਕ ਲਾਈਟਾਂ ਕਾਰਨ ਹੋ ਰਹੇ ਹਾਦਸਿਆਂ ਦੇ ਬਚਾਅ ਲਈ ਟਰੈਫ਼ਿਕ ਇੰਚਾਰਜ ਜ਼ਿਲ੍ਹਾ ਮੋਗਾ ਐਸ.ਆਈ. ਸੁਖਮੰਦਰ ਸਿੰਘ ਤੇ ਪੁਲਿਸ ਟਰੈਫ਼ਿਕ ਟੀਮ ਦੇ ਸਹਿਯੋਗ ਨਾਲ ਮੇਨ ਚੌਕ ਮੋਗਾ ਵਿਖੇ ਬਿਨ੍ਹਾ ਬੈਂਕ ਲਾਈਟਾਂ ਵਾਲੇ ਵਾਹਨਾਂ ਨੂੰ ਰੇਡੀਅਮ ਰਿਫ਼ਲੈਕਟਰ ਲਗਾਏ ਗਏ ਤਾਂ ਜੋ ਧੁੰਦ ਤੇ ਹਨੇਰੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ | ਇਸ ਮੌਕੇ ਟਰੈਫ਼ਿਕ ਇੰਚਾਰਜ ਐਸ.ਆਈ. ਸੁਖਮੰਦਰ ਸਿੰਘ, ਏ.ਐਸ.ਆਈ. ਗੁਰਿੰਦਰ ਸਿੰਘ ਨੇ ਡਾ. ਐਸ.ਪੀ. ਸਿੰਘ ਓਬਰਾਏ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੇ ਦਿਨਾਂ ਦੌਰਾਨ ਨੂੰ ਗੱਡੀਆਂ ਨੂੰ ਓਵਰਟੇਕ ਧਿਆਨ ਨਾਲ ਕਰਨ, ਲੋੜ ਪੈਣ ਤੇ ਹੀ ਵਾਹਨ ਸੜਕਾਂ ਤੇ ਮੰਜ਼ਲ ਤੱਕ ਪੁੱਜਣ ਲਈ ਲੈ ਕੇ ਆਉਣ, ਹਮੇਸ਼ਾ ਗੱਡੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ | ਪ੍ਰਧਾਨ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਸਾਡੇ ਟਰੱਸਟ ਵਲੋਂ ਬਲਾਕਾਂ ਮੁਤਾਬਿਕ ਤਕਰੀਬਨ 10,000 ਵਾਹਨਾਂ 'ਤੇ ਇਹ ਰੈਫਲੈਕਟਰ ਲਗਾਏ ਜਾਣਗੇ | ਇਸ ਮੌਕੇ ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਪੁਰਾਣੇ ਵਾਲਾ ਅਤੇ ਹੋਰ ਪੁਲਿਸ ਮੁਲਾਜ਼ਮ ਤੇ ਐਨ.ਜੀ.ਓ. ਮੈਂਬਰਾਂ ਨੇ ਰੇਡੀਅਮ ਰਿਫ਼ਲੈਕਟਰ ਲਗਾਏ |