ਸੁਨਾਮ ਊਧਮ ਸਿੰਘ ਵਾਲਾ, 2 ਜੂਨ (ਸੱਗੂ,ਗੱਖੜ)-ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਤੇ ਲੋਕ ਹਿਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਅੱਤਿਆਚਾਰ ਕਰਨ, ਜੇਲ੍ਹਾਂ 'ਚ ਭੇਜਣ ਦੇ ਬਾਵਜੂਦ ਕਿਸਾਨ ਸੰਘਰਸ਼ਾਂ ਦੀ ਚੜ੍ਹਦੀ ਕਲਾ ਵੇਖ ਕੇ ਪੰਜਾਬ ਸਰਕਾਰ ਦੀ ਬੌਖਲਾਹਟ ਦਿਨੋਂ ਦਿਨ ਵਧਦੀ ਜਾ ਰਹੀ ਹੈ, ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨ ਸੰਘਰਸ਼ਾਂ ਤੇ ਕਿਸਾਨ ਆਗੂਆਂ ਪ੍ਰਤੀ ਦਿੱਤੇ ਜਾ ਰਹੇ ਬਚਕਾਨਾ ਬਿਆਨ ਇਸੇ ਬੌਖਲਾਹਟ ਦਾ ਨਤੀਜਾ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਬਲਾਕ ਸੁਨਾਮ ਦੀ ਬਲਾਕ ਜਰਨਲ ਸਕੱਤਰ ਕੇਵਲ ਸਿੰਘ ਜਵੰਧਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਰਣ ਸਿੰਘ ਚੱਠਾ ਨੇ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਘਸੋਖਾਨਾ ਵਿਚੋਂ ਦੀ ਮੌੜ ਮੰਡੀ ਦੇ ਸੀਵਰੇਜ ਦਾ ਪਾਣੀ ਲੰਘਾਉਣ ਲਈ ਪਾਈ ਜਾ ਰਹੀ ਗ਼ੈਰਕਾਨੰੂਨੀ ਪਾਈਪ ਦਾ ਵਿਰੋਧ ਕਰ ਰਹੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਸੈਂਕੜੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਹੈ ਜਿੱਥੇ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ | ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੇਕਰ ਮਰਨ ਵਰਤ ਤੇ ਬੈਠੇ ਕਿਸੇ ਆਗੂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਲ੍ਹਾਂ 'ਚ ਬੰਦ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਦੀ ਰਿਹਾਈ ਲਈ ਤੇ ਗੈਰ ਕਾਨੂੰਨੀ ਪਾਈ ਜਾ ਰਹੀ ਸੀਵਰੇਜ ਪਾਈਪ ਲਾਇਨ ਦੇ ਵਿਰੋਧ ਵਿਚ ਰੋਜ਼ਾਨਾ ਵੱਖ-ਵੱਖ ਜ਼ਿਲਿ੍ਹਆਂ ਤੋਂ ਕਿਸਾਨ ਆਗੂਆਂ ਵਲੋਂ ਪਿੰਡ ਘਸੋਖਾਨਾ ਵਿਖੇ ਪਹੁੰਚ ਕੇ ਗਿ੍ਫ਼ਤਾਰੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤੇ ਸੀਵਰੇਜ ਪਾਈਪ ਲਾਇਨ ਪਾਉਣ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮੁਖਤਿਆਰ ਸਿੰਘ ਜਵੰਧਾ, ਗੁਰਨੈਬ ਸਿੰਘ ਜਵੰਧਾ, ਮਦਨ ਦਾਸ ਮਹਿਲਾ, ਦਰਸਨ ਸਿੰਘ ਮਹਿਲਾ, ਮਲਕੀਤ ਸਿੰਘ ਗੰਢੂਆ, ਦਰਸਨ ਸਿੰਘ ਛਾਜਲਾ, ਕਰਮ ਸਿੰਘ ਨਮੋਲ, ਦੇਵ ਸਿੰਘ ਖਡਿਆਲ, ਹਰਬੰਸ ਸਿੰਘ ਖਡਿਆਲ, ਦਲੇਲ ਸਿੰਘ ਚੱਠਾ, ਗੁਰਜੀਤ ਸਿੰਘ ਸੇਰੋਂ, ਜਰਨੈਲ ਸਿੰਘ ਸਾਹਪੁਰ ਕਲਾਂ, ਸਤਿਨਾਮ ਸਿੰਘ ਸ਼ਾਹਪੁਰ ਕਲਾਂ ਆਦਿ ਹਾਜ਼ਰ ਸਨ |