ਦਿੜ੍ਹਬਾ ਮੰਡੀ, 2 ਜੂਨ (ਜਸਵੀਰ ਸਿੰਘ ਔਜਲਾ, ਹਰਬੰਸ ਸਿੰਘ ਛਾਜਲੀ)-ਵਿਰੋਧੀ ਧਿਰਾਂ ਕਮਜ਼ੋਰ ਹੋਣ ਕਾਰਨ ਸਰਕਾਰ ਦਾ ਉਨ੍ਹਾਂ ਵਿਰੋਧ ਲੋਕ ਵਿਰੋਧੀ ਨੀਤੀਆਂ 'ਤੇ ਨਹੀਂ ਕਰ ਰਹੀਆਂ ਜਿੰਨਾ ਹੋਣਾ ਚਾਹੀਦਾ ਹੈ ਇਹ ਰੋਲ ਕਿਸਾਨ ਯੂਨੀਅਨਾਂ ਅਦਾ ਕਰ ਰਹੀਆਂ ਹਨ ਇਸੇ ਕਰ ਕੇ ਮੁੱਖ ਮੰਤਰੀ ਕਿਸਾਨ ਯੂਨੀਅਨਾਂ ਨੂੰ ਹੀ ਵਿਰੋਧੀ ਧਿਰ ਵਜੋਂ ਲੈ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਮੀਟਿੰਗ ਬਲਾਕ ਪ੍ਰਧਾਨ ਬਿੰਦਰ ਸਿੰਘ ਦਿੜ੍ਹਬਾ ਦੀ ਅਗਵਾਈ ਹੇਠ ਗੁਰਦੁਆਰਾ ਬੈਰਸੀਆਣਾਂ ਸਾਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨ ਆਗੂਆਂ 'ਤੇ ਲਗਾਏ ਜਾ ਰਹੇ ਆਧਾਰ ਤੇ ਬੇਲੋੜੇ ਇਲਜ਼ਾਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਮੁੱਖ ਮੰਤਰੀ ਸਾਹਿਬ ਆਪਣਾ ਦਿਮਾਗ਼ੀ ਸੰਤੁਲਨ ਗਵਾ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨ ਯੂਨੀਅਨਾਂ ਦੀ ਤਾਕਤ ਤੋਂ ਬੁਖਲਾਹਟ ਵਿਚ ਆ ਕੇ ਹੀ ਕਿਸਾਨ ਯੂਨੀਅਨਾਂ ਦੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਕੇ ਆਪਣਾ ਆਧਾਰ ਲੋਕਾਂ ਵਿਚ ਗੁਆ ਰਹੇ ਹਨ। ਅਸੀਂ ਮੁੱਖ ਮੰਤਰੀ ਦੇ ਚੈਲੰਜ ਨੂੰ ਕਬੂਲ ਕਰਦੇ ਹੋਏ ਮੰਗ ਕਰਦੇ ਹਾਂ ਕਿ ਸਮਾਂ ਤੇ ਸਥਾਨ ਦੱਸਣ ਅਸੀਂ ਦਿੱਤੇ ਹੋਏ ਸਮੇਂ ਅਨੁਸਾਰ ਕਿਸਾਨੀ ਮੁੱਦਿਆਂ ਦੇ ਉੱਤੇ ਡਿਬੇਟ ਕਰਨ ਲਈ ਤਿਆਰ ਹਾਂ ਅਸੀਂ ਇਸ ਲਈ ਵੀ ਤਿਆਰ ਹਾਂ ਕਿ ਪੰਜਾਬ ਸਰਕਾਰ ਕਿਸਾਨ ਯੂਨੀਅਨ ਦੇ ਸਾਰੇ ਆਗੂਆਂ ਦੇ ਖਾਤਿਆਂ ਤੇ ਪ੍ਰੋਪਰਟੀ ਦੀ ਜਾਂਚ ਕਰਵਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਦੀ ਪਾਰਟੀ ਦੇ ਸਾਰੇ ਐਮ ਐਲ ਏ ਮੰਤਰੀ ਤੇ ਹੋਰ ਉੱਚ ਅਹੁਦਿਆਂ ਤੇ ਬੈਠ ਕੇ ਵੱਡੀ ਪੱਧਰ ਤੇ ਆਪਣੀਆਂ ਪ੍ਰਾਪਰਟੀਆਂ ਵਿਚ ਵਾਧਾ ਕਰ ਰਹੇ ਸਾਰੇ ਵਿਅਕਤੀਆਂ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਨੂੰ ਲੁੱਟਣ ਵਾਲੇ ਕੌਣ ਹਨ ਤੇ ਪੰਜਾਬ ਨੂੰ ਬਚਾਉਣ ਵਾਲੇ ਕੌਣ ਹਨ। ਜੇਕਰ ਮੁੱਖ ਮੰਤਰੀ ਇਨ੍ਹਾਂ ਗੱਲਾਂ ਨਾਲ ਵੀ ਸਹਿਮਤ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਵਿਚ ਇਹਨਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਪਿੰਡ ਪਿੰਡ ਸਵਾਲ ਪੁੱਛੇ ਜਾਣਗੇ। ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਪਰ ਬਲਾਕ ਆਗੂ ਜਸਪ੍ਰੀਤ ਸਿੰਘ ਬੱਬੂ ਹਰੀਗੜ੍ਹ ਜਗਦੀਪ ਸਿੰਘ ਕੌਹਰੀਆਂ ਰਣਬੀਰ ਸਿੰਘ ਬਘਰੌਲ ਚਮਕੌਰ ਸਿੰਘ ਸਾਦੀ ਹਰੀ ਬਗੇਲ ਸਿੰਘ ਦਿੜ੍ਹਬਾ ਦਰਬਾਰਾ ਸਿੰਘ ਖੇਤਲਾ ਸ਼ੇਰ ਸਿੰਘ ਟੂਰ ਵਣਜਾਰਾ ਬੁੱਧ ਸਿੰਘ ਸਿੰਧੜਾ ਮਾਂਗਾ ਸਿੰਘ ਸਾਦੀ ਹਰੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿਚੋਂ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।