ਮਲੇਰਕੋਟਲਾ, 2 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਈਦ-ਉਲ-ਅਜ਼ਹਾ (ਬਕਰਾ ਈਦ) ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਡੀ ਈਦਗਾਹ ਵਲੋਂ ਵਿਸ਼ੇਸ਼ ਮੀਟਿੰਗ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੀ ਕਾਰਵਾਈ ਡਾ.ਅਬਦੁਲ ਗੱਫਾਰ ਨੇ ਚਲਾਈ | ਈਦ-ਉਲ-ਅਜ਼ਹਾ (ਬਕਰਾ ਈਦ) ਦੇ ਤਿਉਹਾਰ ਨੂੰ ਲੈ ਕੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਧਾਨ ਮੁਹੰਮਦ ਨਜ਼ੀਰ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਤੇ ਪ੍ਰਧਾਨ ਨੂੰ ਈਦਗਾਹ ਨੇੜੇ ਸੀਵਰੇਜ ਤੇ ਸਫ਼ਾਈ ਪ੍ਰਬੰਧਾਂ ਸਬੰਧੀ ਇੱਕ ਵਫ਼ਦ ਮਿਲ ਕੇ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਏਗਾ | ਈਦ-ਉਲ-ਅਜ਼ਹਾ (ਬਕਰਾ ਈਦ) ਦੀ ਨਮਾਜ਼ 07 ਜੂਨ ਦਿਨ ਸ਼ਨੀਵਾਰ ਨੂੰ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ ਪੰਜਾਬ) ਵਲੋਂ ਸਵੇਰੇ 6:30 ਵਜੇ ਅਦਾ ਕਰਵਾਈ ਜਾਵੇਗੀ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਿ੍ੰਸੀਪਲ ਅਸਰਾਰ ਨਿਜ਼ਾਮੀ, ਪੱਪੂ ਪਹਿਲਵਾਨ, ਅਸ਼ਰਫ਼ ਨੰਦਨ, ਉਸਮਾਨ ਸਿੱਦੀਕੀ, ਅਸਲਮ ਬਾਚੀ, ਮੁਹੰਮਦ ਨਾਸਰ, ਮੁਹੰਮਦ ਸ਼ਾਹਿਦ, ਮੁਹੰਮਦ ਸ਼ਕੀਲ, ਮੁਹੰਮਦ ਨਜ਼ੀਰ (ਵਸੀਕਾ ਨਵੀਸ) ਵੀ ਹਾਜ਼ਰ ਸਨ | ਛੋਟੀ ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੋਟੀ ਈਦਗਾਹ ਵਿਖੇ ਈਦ-ਉਲ ਅਜਹਾ ਦੀ ਨਮਾਜ਼ ਸਵੇਰੇ 6:00 ਵਜੇ ਅਦਾ ਕੀਤੀ ਜਾਵੇਗੀ |