ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਗ਼ਦਰੀ ਬੀਬੀ ਗੁਲਾਬ ਕੌਰ ਦੀ ਤਸਵੀਰ ਲਾਉਣ ਦੀ ਮੰਗ
ਅਜੀਤ ਡੈਸਕ
04-06-2025
ਸੁਨਾਮ ਊਧਮ ਸਿੰਘ ਵਾਲਾ, 3 ਜੂਨ (ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)-ਸੰਗਰਾਮੀ ਕਲ੍ਹਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਰਣਜੋਧ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੂੰ ਮਿਲ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੈਲਰੀ ਵਿਚ ਜ਼ਿਲ੍ਹੇ ਦੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀ ਤਰਜ਼ 'ਤੇ ਪਿੰਡ ਬਖ਼ਸ਼ੀਵਾਲਾ ਦੀ ਜੰਮਪਲ ਗ਼ਦਰ ਲਹਿਰ ਦੀ ਮਹਾਨ ਸੰਗਰਾਮਣ ਬੀਬੀ ਗੁਲਾਬ ਕੌਰ ਦੀ ਤਸਵੀਰ ਲਾਉਣ ਦੀ ਮੰਗ ਕੀਤੀ | ਇਸ ਸਬੰਧੀ ਸ਼ਤਾਬਦੀ ਵਰ੍ਹੇ ਮੌਕੇ ਕੁਝ ਕਿਤਾਬਾਂ ਅਤੇ ਗ਼ਦਰੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦੀ ਤਸਵੀਰ ਜ਼ਿਲ੍ਹਾ ਕੰਪਲੈਕਸ ਵਿਚ ਲਗਾਉਣ ਲਈ ਸ਼੍ਰੀ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਟ ਕੀਤੀ ਗਈ | ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਸਤਿਕਾਰ ਸਹਿਤ ਪ੍ਰਵਾਨ ਕਰਦਿਆਂ ਕਿਹਾ ਕਿ ਇੱਕ ਹਫ਼ਤੇ 'ਚ ਇਸ ਬਾਰੇ ਮਨਜ਼ੂਰੀ ਮਿਲਣ 'ਤੇ ਇਹ ਤਸਵੀਰ ਲਗਾ ਦਿੱਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਰਣਜੋਧ ਸਿੰਘ ਧਨੇਠਾ, ਗਿਆਨੀ ਜੰਗੀਰ ਸਿੰਘ ਰਤਨ ਅਤੇ ਭੋਲਾ ਸਿੰਘ ਸੰਗਰਾਮੀ ਆਦਿ ਮੌਜੂਦ ਸਨ |