ਸ਼ੇਰਪੁਰ, 4 ਜੂਨ (ਦਰਸ਼ਨ ਸਿੰਘ ਖੇੜੀ)- ਥਾਣਾ ਸ਼ੇਰਪੁਰ ਅਧੀਨ ਪੈਂਦੇ ਪਿੰਡ ਟਿੱਬਾ ਵਿਖੇ ਗੁਜ਼ਰਦੀ ਲਸਾੜਾ ਡਰੇਨ ਨੇੜੇ ਇੱਕ ਨੌਜਵਾਨ ਵਲੋਂ ਕਾਰ ਦੀ ਸੀਟ ਬੈਲਟ ਦੀ ਮਦਦ ਨਾਲ ਦਰਖਤ ਨਾਲ ਲਟਕ ਕੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਦੀ ਮਾਤਾ ਚਰਨਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਹਰਦਾਸਪੁਰਾ (ਬਰਨਾਲਾ) ਵਲੋਂ ਸ਼ੇਰਪੁਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਲੜਕਾ ਬਹਾਦਰ ਸਿੰਘ ਉਰਫ ਬਾਦਾ (ਉਮਰ ਕਰੀਬ 35 ਸਾਲ) ਜੋ ਕਿ ਮਿਹਨਤ-ਮਜਦੂਰੀ ਦਾ ਕੰਮਕਾਰ ਕਰਦਾ ਸੀ ਅਤੇ ਉਹ ਆਪਣੀ ਘਰਵਾਲੀ ਬਲਜਿੰਦਰ ਕੌਰ ਸਮੇਤ ਪਿੰਡ ਮਲੌਦ ਵਿਖੇ ਕਿਰਾਏ 'ਤੇ ਰਹਿੰਦਾ ਸੀ | ਮਿਤੀ 29 ਮਈ ਨੂੰ ਸਾਡੇ ਪਿੰਡ ਹਰਦਾਸਪੁਰਾ ਵਿਖੇ ਇੱਕ ਲੜਾਈ-ਝਗੜਾ ਹੋ ਗਿਆ ਸੀ ਜਿਸ ਕਾਰਨ ਮੇਰੇ ਲੜਕੇ ਖ਼ਿਲਾਫ਼ ਕੇਸ ਦਰਜ ਹੋ ਗਿਆ ਸੀ ਤੇ ਇਸ ਕਰ ਕੇ ਉਹ ਕਾਫੀ ਪੇ੍ਰਸ਼ਾਨ ਰਹਿਣ ਲੱਗ ਪਿਆ ਸੀ ਅਤੇ ਜੋ ਡਰਦਾ ਹੋਇਆ ਘਰ ਤੋਂ ਭੱਜ ਗਿਆ ਸੀ | ਜਿਸ ਬਾਰੇ ਸਾਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਰਹਿੰਦਾ ਸੀ | ਅੱਜ ਮੈਨੂੰ ਸਾਡੇ ਪਿੰਡ ਦੇ ਕਿਸੇ ਵਿਅਕਤੀ ਤੋਂ ਪਤਾ ਲੱਗਾ ਕਿ ਤੁਹਾਡੇ ਲੜਕੇ ਬਹਾਦਰ ਸਿੰਘ ਬਾਦਾ ਨੇ ਪਿੰਡ ਟਿੱਬਾ ਵਿਖੇ ਦਰਖਤ ਨਾਲ ਲਟਕ ਕੇ ਫਾਹਾ ਲੈ ਲਿਆ ਹੈ | ਚਰਨਜੀਤ ਕੌਰ ਅਨੁਸਾਰ ਉਸ ਦੇ ਲੜਕੇ ਨੇ ਪਿੰਡ ਵਿਚ ਹੋਈ ਲੜਾਈ ਕਾਰਨ ਕਾਫੀ ਪੇ੍ਰਸ਼ਾਨ ਰਹਿਣ ਕਰ ਕੇ ਡਰਦੇ ਮਾਰੇ ਨੇ ਪਿੰਡ ਟਿੱਬਾ ਵਿਖੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ, ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ, ਨਾ ਹੀ ਅਸੀ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ | ਥਾਣਾ ਮੁੱਖ ਅਫ਼ਸਰ ਸ਼ੇਰਪੁਰ ਗੁਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਬਹਾਦਰ ਸਿੰਘ ਉਰਫ਼ ਬਾਦਾ ਦੀ ਮਾਤਾ ਚਰਨਜੀਤ ਕੌਰ ਦੇ ਬਿਆਨਾਂ ਅਨੁਸਾਰ ਅਧੀਨ ਧਾਰਾ 194 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਮਿ੍ਤਕ ਬਹਾਦਰ ਸਿੰਘ ਉਰਫ਼ ਬਾਦਾ ਦੀ ਲਾਸ਼ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਮੋਰਚਰੀ ਵਿਚ ਰਖਵਾਇਆ ਗਿਆ ਹੈ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ |