ਸੰਗਰੂਰ, ਧਰਮਗੜ੍ਹ, 1 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਮੇਜਰ ਧਿਆਨ ਚੰਦ ਦੀ ਨਿੱਘੀ ਯਾਦ 'ਚ ਦੋ ਰੋਜ਼ਾ ਰਾਸ਼ਟਰੀ ਖੇਡ ਦਿਵਸ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਕਾਲਜਾਂ ਦੀਆਂ ਖਿਡਾਰਨਾਂ ਨੇ ਬਾਸਕਟਬਾਲ, ਵਾਲੀਬਾਲ, ਖੋ-ਖੋ, ਬੈਡਮਿੰਟਨ, ਟੈਨਿਸ ਅਤੇ ਯੋਗਾ ਆਦਿ ਖੇਡ ਮੁਕਾਬਲੇ 'ਚ ਹਿੱਸਾ ਲਿਆ | ਇਸ ਮੌਕੇ ਵਾਲੀਬਾਲ ਅਤੇ ਖੋ-ਖੋ 'ਚ ਬੀ.ਐਡ. ਅਤੇ ਬੇਸਿਕ ਸਾਇੰਸ ਟੀਮਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ | ਯੂਨੀਵਰਸਿਟੀ ਦੇ ਕੁਲਪਤੀ ਡਾ. ਜਸਵਿੰਦਰ ਸਿੰਘ ਨੇ ਮੇਜਰ ਧਿਆਨ ਚੰਦ ਬਾਰੇ ਖਿਡਾਰੀਆਂ ਨੂੰ ਵਿਸਥਾਰਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ | ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਰਜਨ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਨੌਜਵਾਨ ਮੰਤਰਾਲਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ ਜਿਸ ਦਾ ਮੁੱਖ ਮਕਸਦ ਖੇਡ ਭਾਵਨਾ, ਫਿਟਨੈੱਸ ਅਤੇ ਖੇਡ ਮੁਕਾਬਲੇ ਨੂੰ ਹੱਲਾਸ਼ੇਰੀ ਦੇਣਾ ਸੀ | ਇਸ ਮੌਕੇ ਜੇਤੂ ਖਿਡਾਰਨਾਂ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ |