ਸੁਨਾਮ ਊਧਮ ਸਿੰਘ ਵਾਲਾ, 1 ਸਤੰਬਰ (ਭੁੱਲਰ, ਧਾਲੀਵਾਲ, ਸੱਗੂ) - ਉਪ-ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ, ਸ਼੍ਰੀ ਪ੍ਰਮੋਦ ਸਿੰਗਲਾ ਵਲੋਂ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭ ਖੋਰੀ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਦੁਕਾਨਦਾਰ ਬਰਸਾਤ ਦੇ ਮੌਸਮ ਕਾਰਨ ਬਣੇ ਹਾਲਾਤ ਦੌਰਾਨ ਜਨਤਾ ਦੀ ਲੋੜ ਦਾ ਗ਼ਲਤ ਫ਼ਾਇਦਾ ਚੁੱਕਦੇ ਹੋਏ ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਉੱਚੇ ਭਾਅ 'ਤੇ ਵੇਚ ਰਹੇ ਹਨ | ਇਹ ਕੰਮ ਕਾਲਾ ਬਾਜ਼ਾਰੀ ਅਤੇ ਗੈਰ-ਕਾਨੂੰਨੀ ਲਾਭ ਖੋਰੀ ਦੀ ਸ਼੍ਰੇਣੀ ਵਿਚ ਆਉਂਦਾ ਹੈ | ਇਸ ਲਈ ਸਾਰੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਮਹਿੰਗੇ ਭਾਅ ਲਾਉਣਾ ਅਤੇ ਕਾਲਾ ਬਾਜ਼ਾਰੀ ਕਰਨਾ ਜ਼ਰੂਰੀ ਵਸਤਾਂ ਐਕਟ, 1955 (ਧਾਰਾ 3 ਅਤੇ 7), ਆਫ਼ਤ ਪ੍ਰਬੰਧਨ ਐਕਟ, 2005 (ਧਾਰਾ 34 ਅਤੇ 65), ਖਪਤਕਾਰ ਪ੍ਰੋਟੈਕਸ਼ਨ ਐਕਟ 2019 (ਧਾਰਾ 2(9) ਅਤੇ 2(47)) ਅਧੀਨ ਸਜ਼ਾ ਯੋਗ ਅਪਰਾਧ ਹਨ | ਜੋ ਵੀ ਦੁਕਾਨਦਾਰ/ਵਿਕਰੇਤਾ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਦੁਕਾਨ ਸੀਲ ਕਰਨਾ, ਲਾਇਸੈਂਸ ਰੱਦ ਕਰਨਾ, ਜੁਰਮਾਨਾ ਤੇ ਮੁਕੱਦਮਾ ਦਰਜ ਕਰਨਾ ਸ਼ਾਮਲ ਹੋਵੇਗਾ | ਸ਼੍ਰੀ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਮਹਿੰਗੇ ਭਾਅ ਲਾਏ ਜਾਣ ਜਾਂ ਕਾਲਾ ਬਾਜ਼ਾਰੀ ਦੀ ਘਟਨਾ ਸਾਹਮਣੇ ਆਵੇ ਤਾਂ ਉਸ ਦੀ ਸੂਚਨਾ ਤੁਰੰਤ ਐਸ.ਡੀ.ਐਮ. ਦਫ਼ਤਰ ਵਿਖੇ ਦਿੱਤੀ ਜਾਵੇ | ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਮੌਜੂਦਾ ਹਾਲਾਤ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਠੀਕ ਅਤੇ ਵਾਜਬ ਭਾਅ 'ਤੇ ਉਪਲਬਧ ਰਹੇ |