ਮਲੇਰਕੋਟਲਾ, 3 ਸਤੰਬਰ (ਹਨੀਫ ਥਿੰਦ, ਸਰੌਦ, ਪਾਰਸ) - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਪੰਜਾਬ ਅੰਦਰ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਜਿਸ ਦੇ ਚੱਲਦਿਆਂ ਪੰਜਾਬ ਭਰ ਵਿਚ ਜ਼ਿਲਿ੍ਹਆਂ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ਲਈ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ | ਉਸੇ ਕੜੀ ਤਹਿਤ ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਰਾਠੌਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਤੋਂ ਇਲਾਵਾ ਜ਼ਿਲ੍ਹਾ ਮਲੇਰਕੋਟਲਾ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਵੈਦ, ਜਸਬੀਰ ਸਿੰਘ ਜੋਨੀ ਸਮੇਤ ਮਲੇਰਕੋਟਲਾ ਅਤੇ ਹਲਕਾ ਅਮਰਗੜ੍ਹ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰ ਸਿੰਘ ਰਾਠੌਰ ਨੇ ਦੱਸਿਆ ਕਿ ਸ਼੍ਰੀ ਰਾਹੁਲ ਗਾਂਧੀ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਨਵੇਂ ਪ੍ਰਧਾਨਾਂ ਦੀ ਚੋਣ ਲੋਕਤੰਤਰੀ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਦੇ ਲਈ 6 ਨਾਵਾਂ ਦਾ ਪੈਨਲ ਤਿਆਰ ਕੀਤਾ ਜਾਵੇਗਾ ਅਤੇ ਪਾਰਟੀ ਹਾਈਕਮਾਂਡ ਨੂੰ ਪੂਰੀ ਇਮਾਨਦਾਰੀ ਨਾਲ ਰਿਪੋਰਟ ਪੇਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਦੀ ਚੋਣ ਲਈ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪੰਜਾਬ ਅੰਦਰ ਪਾਰਟੀ ਪੂਰੀ ਤਰ੍ਹਾਂ ਨਾਲ ਇੱਕਜੁੱਟ ਹੈ ਅਤੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰਾਂ ਹਰ ਫ਼ਰੰਟ 'ਤੇ ਨਾਕਾਮ ਹੋ ਚੁੱਕੀ ਹੈ, ਕਿਉਂਕਿ ਪੰਜਾਬ ਅੰਦਰ ਹੜ੍ਹਾਂ ਨਾਲ ਕੁਦਰਤੀ ਕਰੋਪੀ ਆਈ ਹੈ ਉਸ ਵਿਚ ਲੋਕਾਂ ਤੱਕ ਰਾਹਤ ਦੇਣ ਵਿਚ ਵੀ ਆਮ ਆਦਮੀ ਪਾਰਟੀ ਅਸਫਲ ਸਿੱਧ ਹੋਈ ਹੈ | ਇਸੇ ਤਰ੍ਹਾਂ ਕੇਂਦਰ ਦੀ ਸਰਕਾਰ ਵੀ ਪੂਰੀ ਤਰ੍ਹਾਂ ਨਾਕਾਮ ਹੈ | ਉਨ੍ਹਾਂ ਰਾਹੁਲ ਗਾਂਧੀ ਵਲੋਂ ਵੋਟ ਚੋਰੀ ਦੇ ਚੁੱਕੇ ਗਏ ਮੁੱਦੇ ਨੂੰ ਦੱਸਿਆ ਕਿ ਇਸ ਮੁੱਦੇ ਨਾਲ ਦੇਸ਼ ਦੇ ਲੋਕ ਜਾਗਰੂਕ ਹੋਏ ਹਨ ਹੁਣ ਲੋਕ ਅਤੇ ਹੋਰ ਪਾਰਟੀਆਂ ਆਪਣੇ ਆਪਣੇ ਬੂਥ ਇੰਚਾਰਜਾਂ ਰਾਹੀਂ ਲੋਕਾਂ ਤੱਕ ਜਾਗਰੂਕਤਾ ਪੈਦਾ ਕਰਨ ਵਿਚ ਲੱਗ ਗਈਆਂ ਹਨ ਜੋ ਕਿ ਬੀਜੇਪੀ ਲਈ ਬਹੁਤ ਵੱਡੀ ਸੈਟ ਬੈਕ ਹੈ | ਉਨ੍ਹਾਂ ਕਿਹਾ ਕਿ ਬਿਹਾਰ ਦੇ ਅੰਦਰ ਰਾਹੁਲ ਗਾਂਧੀ ਵਲੋਂ ਚਲਾਈ ਜਾ ਰਹੀ ਯਾਤਰਾ ਨਾਲ ਬੀਜੇਪੀ ਪੂਰੀ ਤਰਾਂ ਬੁਖ਼ਲਾ ਗਈ ਹੈ | ਸ਼੍ਰੀ ਰਾਠੋੜ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਪਾਰਟੀ ਵਿਚ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਇੰਚਾਰਜ ਜਸਵੀਤ ਸਿੰਘ, ਕਮਲਪ੍ਰੀਤ ਸਿੰਘ ਕਮਲ ਧਾਲੀਵਾਲ, ਬੀਬਾ ਨਿਸ਼ਾਤ ਅਖਤਰ, ਸੁਮਿਤ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹਸਨ, ਬਲਾਕ ਪ੍ਰਧਾਨ ਅਕਰਮ ਲਿਬੜਾ, ਗੁਰਜੋਤ ਸਿੰਘ ਢੀਂਡਸਾ, ਮਹਿਮੂਦ ਰਾਣਾ, ਕਾਮਰੇਡ ਸੁਲੇਮਾਨ ਜੋਸ਼, ਮੁਹੰਮਦ ਯਾਸੀਨ ਘੁੱਗੀ ਅਤੇ ਹੋਰ ਆਗੂ ਹਾਜ਼ਰ ਸਨ |