ਸੰਗਰੂਰ, 3 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਦੇ ਹੋਰਨਾ ਹਿੱਸਿਆ ਵਾਂਗ ਸੰਗਰੂਰ ਵਿਚ ਵੀ ਪੈ ਰਹੀ ਭਾਰੀ ਬਰਸਾਤ ਨੇ ਜਿੱਥੇ ਸ਼ਹਿਰ ਦੇ ਬਾਜਾਰਾ, ਮੁਹੱਲਿਆਂ, ਘਰਾਂ ਵਿਚ ਜਨ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ ਉੱਥੇ ਬਰਸਾਤ ਨੇ ਸਰਕਾਰੀ ਦਫ਼ਤਰਾਂ ਖ਼ਾਸ ਤੌਰ ਉੱਤੇ ਸਿਵਲ ਹਸਪਤਾਲ ਸੰਗਰੂਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਕਈ ਕਮਰਿਆਂ ਦੀ ਛੱਤਾਂ, ਥਾਣਾ ਸਿਟੀ ਦੀ ਇਮਾਰਤ ਦੀਆਂ ਛੱਤਾਂ ਵਿਚ ਪਾਣੀ ਟਪਕਣ ਦੇ ਨਾਲ ਨਾਲ ਰਣਬੀਰ ਕਲੱਬ ਦੇ ਸਰਕਾਰੀ ਕੁਆਟਰ, ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੈਂਟਰਲ ਸਟੋਰ ਨੂੰ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ | ਪ੍ਰਬੰਧਕੀ ਕੰਪਲੈਕਸ ਦੇ ਅੰਦਰ ਜਾਣ ਤੋਂ ਪਹਿਲਾਂ ਅਤੇ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾ ਗੋਡੇ-ਗੋਡੇ ਖੜੇ ਪਾਣੀ ਵਿਚੋਂ ਦੀ ਲੰਘ ਕੇ ਰਾਹਗੀਰ ਜਾਣ ਲਈ ਮਜਬੂਰ ਹਨ | ਇੱਥੇ ਜ਼ਿਕਰਯੋਗ ਹੈ ਕਿ ਬੱਸ ਅੱਡੇ ਤੋਂ ਪ੍ਰਬੰਧਕੀ ਕੰਪਲੈਕਸ ਤੱਕ ਜਾਣਾ ਹੀ ਹਰ ਰਾਹਗੀਰ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ ਕਿਉਂਕਿ ਬੱਸ ਅੱਡੇ ਬਾਹਰ ਖੜਾ ਪਾਣੀ ਕੇਵਲ ਧੂਰੀ ਗੇਟ ਮਾਰਕੀਟ ਦੇ ਲੋਕਾਂ ਲਈ ਹੀ ਨਹੀਂ ਬਲਕਿ ਪਿੰਡਾਂ ਤੋਂ ਆਉਂਦੀ ਪਬਲਿਕ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ | ਕਾਰਪੋਰੇਸ਼ਨ ਦੇ ਸੈਂਟਰਲ ਸਟੋਰ ਦਾ ਤਾਂ ਇਹ ਥਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ | ਪਾਵਰ ਕਾਰਪੋਰੇਸ਼ਨ ਦੇ ਸਟੋਰ ਦੀ ਬਿਲਡਿੰਗ ਪੁਰਾਣੀ ਹੋਣ ਕਾਰਨ ਛੱਤਾਂ ਵਿਚੋਂ ਪਾਣੀ ਤਾਂ ਟਪਕ ਹੀ ਰਿਹਾ ਹੈ ਬਲਕਿ ਸਟੋਰ ਵਿਚ ਪਏ ਬਿਜਲੀ ਉਪਕਰਨ ਵੀ ਪੂਰੀ ਤਰ੍ਹਾਂ ਜਲਥਲ ਹੋਏ ਨਜ਼ਰ ਆ ਰਹੇ ਹਨ | ਸਟੋਰ ਵਿਚ ਪਏ ਬਿਜਲੀ ਦੇ ਟਰਾਂਸਫਾਰਮਰ ਪਾਣੀ ਵਿਚ ਡੁੱਬੇ ਆਪਣੀ ਦਾਸਤਾਨ ਆਪ ਬਿਆਨ ਕਰ ਰਹੇ ਸਨ | ਕੋਈ ਵੀ ਸਰਕਾਰੀ ਅਧਿਕਾਰੀ ਇਸ ਸਮੱਸਿਆ ਸਬੰਧੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਕੁਝ ਰਾਜਨੀਤਕ ਆਗੂਆਂ ਨੇ ਇਸ ਮਾਮਲੇ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਅਦਾਰੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਅਫ਼ਸੋਸ ਹੈ ਕਿ ਇਹ ਅਦਾਰੇ ਆਪ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ | ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ ਸੈੱਲ ਦੇ ਵਾਇਸ ਚੇਅਰਮੈਨ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਸੰਗਰੂਰ ਦੇ ਬੱਸ ਅੱਡੇ ਤੋਂ ਕੁਝ ਦੂਰੀ ਉੱਤੇ ਸਥਿਤ ਪ੍ਰਬੰਧਕੀ ਕੰਪਲੈਕਸ ਤੱਕ ਹੀ ਜਾਣਾ ਦੁਸ਼ਵਾਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਸਟੋਰ ਪਾਣੀ ਵਿਚ ਡੁੱਬਿਆ ਪਿਆ ਹੈ ਜਿਸ ਕਾਰਨ ਬਿਜਲੀ ਉਪਕਰਨ ਖ਼ਰਾਬ ਹੋਣੇ ਸੁਭਾਵਿਕ ਗੱਲ ਹੈ | ਭਾਜਪਾ ਦੇ ਸੀਨੀਅਰ ਆਗੂ ਪਵਨ ਕੁਮਾਰ ਗਰਗ ਨੇ ਕਿਹਾ ਕਿ ਇਸ ਵੇਲੇ ਹਾਲਾਤ ਸੰਗਰੂਰ ਦੇ ਇਹ ਹਨ ਕਿ 90 ਫ਼ੀਸਦੀ ਸਰਕਾਰੀ ਦਫ਼ਤਰਾਂ ਦੀ ਛੱਤਾਂ ਵਿਚੋਂ ਪਾਣੀ ਟਪਕ ਰਿਹਾ ਹੈ ਪਰ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਸਰਕਾਰ ਬਰਸਾਤਾਂ ਤੋਂ ਆਮ ਲੋਕਾਂ ਨੂੰ ਤਾਂ ਕੀ ਆਪਣੇ ਸਰਕਾਰੀ ਅਦਾਰਿਆਂ ਤੋਂ ਬਚਾਉਣ ਤੋਂ ਵੀ ਅਸਮਰਥ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਦਫ਼ਤਰਾਂ ਦੀ ਹਾਲਤ ਸੁਧਾਰਨ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ | ਇਸ ਵੇਲੇ ਸੰਗਰੂਰ ਦੇ ਲੋਕ ਪੰਜਾਬ ਦੇ ਹੋਰਨਾਂ ਹਿੱਸਿਆ ਦੇ ਲੋਕਾਂ ਵਾਂਗ ਜੱਦੋਜਹਿਦ ਕਰਦੇ ਦਿਖਾਈ ਦੇ ਰਹੇ ਹਨ ਪਰ ਫਿਲਹਾਲ ਸਰਕਾਰ ਬਰਸਾਤਾਂ, ਹੜ੍ਹਾਂ ਤੋਂ ਨਜਿੱਠਣ ਲਈ ਬੇਵੱਸ ਦਿਖਾਈ ਦੇ ਰਹੀ ਹੈ |
ਬਰਸਾਤੀ ਪਾਣੀ ਨੇ ਸਰਕਾਰੀ ਅਦਾਰਿਆਂ 'ਤੇ ਵੀ ਵਰਤਾਇਆ ਕਹਿਰ
ਅਜੀਤ ਡੈਸਕ
04-09-2025