ਚੀਮਾ ਮੰਡੀ, 3 ਸਤੰਬਰ (ਮੱਕੜ) - ਸਥਾਨਕ ਕਸਬਾ ਜੋ ਕਿ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਜਨਮ ਨਗਰੀ ਹੈ, ਵਿਚ ਪਿਛਲੇ ਕੁੱਝ ਦਿਨਾਂ ਤੋ ਰੁਕ ਰੁਕ ਕੇ ਪੈ ਰਹੀ ਬਾਰਸ਼ ਨੇ ਸਾਰਾ ਕੁੱਝ ਅਸਤ ਵਿਅਸਤ ਕਰ ਕੇ ਰੱਖ ਦਿੱਤਾ ਹੈ | ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ, ਮੇਨ ਰੋਡ 'ਤੇ ਪੈਂਦੇ ਬੱਸ ਅੱਡੇ ਤੋ ਉਤਰ ਕੇ ਬਾਜ਼ਾਰ ਦੀ ਐਂਟਰੀ ਤੇ ਗੋਡੇ ਗੋਡੇ ਪਾਣੀ ਖੜ੍ਹਾ ਹੋ ਗਿਆ ਹੈ ਤੇ ਕਈ ਦੁਕਾਨਾਂ ਅੰਦਰ ਵੀ ਪਾਣੀ ਚਲਾ ਗਿਆ ਹੈ | ਪ੍ਰਭਾਵਿਤ ਦੁਕਾਨਦਾਰ ਕਾਲਾ ਰਾਮ ਸਬਜ਼ੀ ਵਾਲਾ, ਨੀਟਾ ਬਤਰਾ, ਜੋਨੀ ਬਤਰਾ ਨੇ ਦੱਸਿਆ ਕਿ ਦਸ ਦਿਨਾਂ ਤੋ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ | ਉਨ੍ਹਾਂ ਦੱਸਿਆ ਜਿੱਥੇ ਪਾਣੀ ਖੜ੍ਹਾ ਹੈ ਉੱਥੇ ਪਬਲਿਕ ਪਖਾਨੇ ਵੀ ਬਣੇ ਹੋਏ ਹਨ ਜਿੱਥੇ ਸਫ਼ਾਈ ਦੀ ਘਾਟ ਕਾਰਨ ਸਾਰਾ ਮਲ ਮੂਤਰ ਪਾਣੀ ਵਿਚ ਰਲ ਗਿਆ ਹੈ ਜਿਸ ਨਾਲ ਬਹੁਤ ਜ਼ਿਆਦਾ ਮੁਸ਼ਕ ਮਾਰਨ ਲੱਗ ਪਿਆ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ | ਉਨ੍ਹਾਂ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਕਰ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਸਕਣ |