ਸੰਗਰੂਰ, 3 ਸਤੰਬਰ (ਪਸ਼ੋਰੀਆ) - ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰ ਦੇ ਪੰਜ ਟਰੱਕ ਸੁਲਤਾਨਪੁਰ ਲੋਧੀ ਪਹੁੰਚਾਏ ਗਏ ਹਨ | ਸੰਗਰੂਰ ਹਲਕੇ ਦੀ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਬਾਊਪੁਰ ਜਾ ਕੇ ਹੜ੍ਹ ਪੀੜਤ ਇਲਾਕੇ ਦਾ ਦੌਰਾ ਕੀਤਾ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਜਾਣਿਆ | ਪਿਛਲੇ 23 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹਵਾਲੇ ਰਾਹਤ ਸਮਗਰੀ ਦੇ ਇਨ੍ਹਾਂ ਪੰਜ ਟਰੱਕਾਂ ਵਿਚ ਚਾਰ ਟਰੱਕ ਪਸ਼ੂਆਂ ਦਾ ਚਾਰਾ ਹੈ ਜਦ ਕਿ ਇੱਕ ਟਰੱਕ ਵਿਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਹਨ | ਉਧਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਵੇਗੀ ਜਦੋਂ ਪਾਣੀ ਹੇਠਾਂ ਉਤਰ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਲਈ ਹੜ੍ਹ ਪੀੜਤਾਂ ਦੀ ਮਦਦ ਲੰਮਾ ਸਮਾਂ ਚੱਲੇਗੀ | ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਹਤ ਸਮਗਰੀ ਸੰਤ ਸੀਚੇਵਾਲ ਜੀ ਦੇ ਸਪੁਰਦ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਵੱਡੀ ਕੁਦਰਤ ਦੀ ਕਰੋਪੀ ਵਿਚੋਂ ਲੰਘ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ | ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਹੜ੍ਹ ਪੀੜਤਾਂ ਦੀ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਮਦਦ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਸੰਤ ਸੀਚੇਵਾਲ ਇਸ ਇਲਾਕੇ ਦੀਆਂ ਲੋੜਾਂ ਤੋਂ ਬਾਖ਼ੂਬੀ ਵਾਕਫ਼ ਹਨ | ਇਹੀ ਵਜਾ ਹੈ ਕਿ ਉਨ੍ਹਾਂ ਨੇ ਬਾਊਪੁਰ, ਸਾਂਗਰਾ ਅਤੇ ਰਾਮਪੁਰ ਗੌਹਰਾ ਆਦਿ ਪਿੰਡਾਂ ਅਤੇ ਡੇਰਿਆਂ ਵਿਚ ਆਪ ਸਿੱਧੀ ਪਹੁੰਚ ਕਰ ਕੇ ਲੋਕਾਂ ਨੂੰ ਮੁਸੀਬਤ ਵਿਚੋਂ ਕੱਢਿਆ ਹੈ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਰਾਹਤ ਸਮਗਰੀ ਲੈਕੇ ਆਉਣ ਵਾਲੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ |