ਸੰਗਰੂਰ, 3 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪਰਾਲੀ ਦੀ ਗੱਠਾਂ ਬਣਾ ਕੇ ਫ਼ੈਕਟਰੀਆਂ ਵਿਚ ਸਪਲਾਈ ਕਰਨ ਵਾਲੇ ਬੇਲਰ ਐਸੋਸੀਏਸ਼ਨ ਸੰਗਰੂਰ ਦਾ ਵਫ਼ਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੂੰ ਮਿਲਿਆ | ਵਫ਼ਦ ਦੀ ਅਗਵਾਈ ਜਗਤਾਰ ਸਿੰਘ ਭਲਵਾਨ ਨੇ ਕੀਤੀ | ਵਫ਼ਦ ਵਿਚ ਸੌਦਾਗਰ ਸਿੰਘ ਮਹਿਲਾ ਚੌਕ ਮੀਤ ਪ੍ਰਧਾਨ, ਸੁਖਪਾਲ ਸਿੰਘ ਪਲਾਸੌਰ, ਜਸਵੰਤ ਸਿੰਘ ਘਨੌੜ, ਨਿਰਮਲ ਸਿੰਘ ਮਹਿਲਾ ਤੋਂ ਇਲਾਵਾ ਬੇਲਰ ਐਸੋਸੀਏਸ਼ਨ ਨਾਲ ਸਬੰਧਿਤ ਦਰਜਨਾਂ ਤੋਂ ਵਧੇਰੇ ਹੋਰ ਸ਼ਾਮਲ ਸਨ | ਆਪਣੀ ਮਿਹਨਤ ਦੀ ਯੋਗ ਉਜਰਤ ਭਾਵ ਭਾਅ ਲੈਣ ਹਿਤ ਡੀ.ਸੀ. ਨੂੰ ਮਿਲੇ ਉਪਰੋਕਤ ਬੇਲਰ ਮਸ਼ੀਨ ਮਾਲਕਾਂ ਦਾ ਕਹਿਣਾ ਹੈ ਕਿ 2023 ਵਿਚ 175 ਰੁਪਏ ਪ੍ਰਤੀ ਕੁਇੰਟਲ ਉਨ੍ਹਾਂ ਨੂੰ ਫ਼ੈਕਟਰੀ ਮਾਲਕ ਭਾਅ ਦਿੰਦੇ ਸਨ ਜੋ 2024 ਵਿਚ ਆ ਕੇ 160 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ | ਕੁੱਲ ਮਿਲਾ ਕੇ ਤਕਰੀਬਨ 90 ਲੱਖ ਰੁਪਏ ਦਾ ਪ੍ਰੋਜੈਕਟ ਇੱਕ ਬੇਲਰ ਮਸ਼ੀਨ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਦਿਆਂ ਪ੍ਰਧਾਨ ਜਗਤਾਰ ਸਿੰਘ ਭਲਵਾਨ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ ਲਗ-ਪਗ 10 ਤੋਂ ਵਧੇਰੇ ਬੇਲਰ ਮਾਲਕ ਹਨ, ਜਿੰਨਾ ਨਾਲ ਅਨੇਕਾਂ ਹੋਰ ਪਰਿਵਾਰ ਜੁੜੇ ਹੋਏ ਹਨ ਪਰ ਹਰ ਵਰੇ੍ਹ ਫ਼ੈਕਟਰੀ ਮਾਲਕਾਂ ਵਲੋਂ ਉਨ੍ਹਾਂ ਦਾ ਮਿਹਨਤਾਨਾ ਘਟਾਉਣ ਕਾਰਨ ਇਸ ਵੇਲੇ ਉਨ੍ਹਾਂ ਵਿਚ ਬੇਹੱਦ ਨਿਰਾਸ਼ਾ ਹੈ | ਬੇਲਰ ਮਾਲਕਾਂ ਨੇ ਉਪਰੋਕਤ ਮੰਗ ਦੇ ਨਾਲ-ਨਾਲ ਹੋਰ ਮੁਸ਼ਕਲਾਂ ਸਬੰਧੀ ਵੀ ਡੀ.ਸੀ. ਨਾਲ ਚਰਚਾ ਕੀਤੀ | ਉਨ੍ਹਾਂ ਅਧਿਕਾਰੀ ਕੋਲੋਂ ਮੰਗ ਕੀਤੀ ਕਿ ਪਰਾਲੀ ਦਾ ਪ੍ਰਤੀ ਕੁਇੰਟਲ ਗੱਠ ਦਾ ਭਾਅ 198 ਰੁਪਏ ਦਿੱਤਾ ਜਾਵੇ | ਆਪਣੀ ਮੰਗ ਨੂੰ ਸੂਬਾ ਪੱਧਰ ਉੱਤੇ ਉਠਾਉਣ ਦੀ ਗੱਲ ਕਰਦਿਆਂ ਜਗਤਾਰ ਸਿੰਘ ਭਲਵਾਨ ਨੇ ਪ੍ਰਸ਼ਾਸਨ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਪ੍ਰਵਾਨ ਨਾ ਹੋਈ ਤਾਂ ਉਹ ਆਉਂਦੇ ਦਿਨਾਂ ਵਿਚ ਪਰਾਲੀ ਦੀ ਗੱਠਾਂ ਬਣਾਉਣ ਵਾਲੇ ਪ੍ਰੋਜੈਕਟ ਦਾ ਬਾਈਕਾਟ ਵੀ ਕਰ ਸਕਦੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਬੇਲਰ ਮਸ਼ੀਨ ਨਾਲ ਕਈ ਨੌਜਵਾਨਾਂ ਦਾ ਭਵਿੱਖ ਜੁੜਿਆ ਹੋਇਆ ਹੈ ਅਤੇ ਕਈ ਵਾਰ ਕਿਸ਼ਤਾਂ ਉਤਰਾਉਣੀਆਂ ਬੇਲਰ ਮਾਲਕ ਲਈ ਔਖੀਆਂ ਹੋ ਜਾਂਦੀਆਂ ਹਨ |