ਅਮਰਗੜ੍ਹ, 3 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਪੰਜਾਬ 'ਚ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਹੈ, ਜਿਸ ਕਾਰਨ ਸੂਬੇ ਦੇ ਵੱਡੇ ਹਿੱਸੇ ਪਾਣੀ ਵਿਚ ਡੁੱਬ ਗਏ ਹਨ | ਖੇਤ, ਘਰ, ਅਤੇ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਦਕਿ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਅਜਿਹੇ ਸੰਕਟਕਾਲੀਨ ਹਾਲਤਾਂ 'ਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਸੀਨੀਅਰ ਆਗੂ ਹੀਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਰਾਜ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਨਾਲ ਮਿਲ ਕੇ ਸੰਕਟ ਦਾ ਹੱਲ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹੜ੍ਹਾਂ ਦੀ ਤਬਾਹੀ ਦਾ ਮੁੱਖ ਕਾਰਨ ਸਰਕਾਰ ਦੀ ਨਾਕਾਮੀ ਹੈ | ਨਹਿਰਾਂ, ਡਰੇਨਾਂ, ਅਤੇ ਪਾਣੀ ਦੇ ਨਿਕਾਸ ਦੇ ਢਾਂਚੇ ਦੀ ਸਫ਼ਾਈ ਸਿਰਫ਼ ਕਾਗ਼ਜ਼ਾਂ 'ਤੇ ਹੀ ਹੋਈ, ਜ਼ਮੀਨੀ ਪੱਧਰ 'ਤੇ ਕੋਈ ਕੰਮ ਨਹੀਂ ਕੀਤਾ ਗਿਆ | ਜੇ ਸਮੇਂ ਸਿਰ ਜ਼ਰੂਰੀ ਕਦਮ ਚੁੱਕੇ ਜਾਂਦੇ, ਤਾਂ ਅੱਜ ਸੂਬਾ ਇਸ ਸੰਕਟ ਨਾਲ ਨਾ ਜੂਝ ਰਿਹਾ ਹੁੰਦਾ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੀਰਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਹਾਲਤਾਂ 'ਤੇ ਪੂਰੀ ਨਜ਼ਰ ਰੱਖ ਰਹੀ ਹੈ | ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਹਿੱਕ ਡਾਹ ਕੇ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ |