ਮੂਨਕ, ਖਨੌਰੀ, 4 ਸਤੰਬਰ (ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ)-ਮੂਨਕ ਨਜ਼ਦੀਕੀ ਲੰਘਦੇ ਘੱਗਰ ਦਰਿਆ ਦਾ ਡਰ ਅੱਜ ਵੀ ਜਿਉਂ ਦਾ ਤਿਉਂ ਰਿਹਾ | ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਿਹਾ ਪਰ ਸਥਿਤੀ ਕੰਟਰੋਲ ਵਿਚ ਰਹੀ ਲੋਕਾਂ ਦੀ ਮਦਦ ਲਈ ਪਿੰਡਾਂ ਵਿਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਲਹਿਰਾਗਾਗਾ ਤੋਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਮਕੌਰੜ ਸਾਹਿਬ ਤੇ ਮੂਨਕ ਦਾ ਦੌਰਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਮਕੋਰੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਘੱਗਰ ਦੇ ਬੰਨ੍ਹਾਂ ਨੂੰ ਸਰਕਾਰ ਨੇ ਮਜ਼ਬੂਤੀ ਨਾਲ ਤਿਆਰ ਕੀਤਾ ਗਿਆ ਹੈ | ਇਸ ਤੋਂ ਇਲਾਵਾ 35000 ਹਜ਼ਾਰ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ | ਜੰਬੋਂ ਥੈਲੇਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੇਕਰ ਲੋੜ ਪੈਂਦੀ ਹੈ ਤਾਂ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਤਿਆਰ ਹਨ | ਉਨ੍ਹਾਂ ਕਿਹਾ ਕਿ ਸਾਲ 2023 ਵਿਚ ਜਿਹੜੇ 53 ਜਗਾ ਉੱਤੇ ਪਾੜ ਪਏ ਸਨ ਉਨ੍ਹਾਂ ਸਾਰੇ ਕਿਨਾਰਿਆਂ ਨੂੰ ਪਹਿਲੇ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਪਰ ਇਸ ਸਾਲ ਹਾਲਾਤ 2023 ਨਾਲੋਂ ਬਹੁਤ ਬਿਹਤਰ ਹਨ | ਉਨ੍ਹਾਂ ਕਿਹਾ ਕਿ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੀ ਚੌੜਾਈ 598 ਫੁੱਟ ਹੈ ਜਦਕਿ ਇਸ ਤੋਂ ਅੱਗੇ ਚੌੜਾਈ ਘੱਟ ਕੇ 198 ਫੁੱਟ ਰਹਿ ਜਾਂਦੀ ਹੈ, ਜਿਸ ਕਾਰਨ ਅੱਗੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਪਾੜ ਪੈ ਜਾਂਦਾ ਹੈ | ਹਰਿਆਣਾ ਸਰਕਾਰ ਵਲੋ ਮਾਨਯੋਗ ਸੁਪਰੀਮ ਕੋਰਟ ਰਾਹੀਂ ਲਈ ਸਟੇਅ ਦੇ ਚੱਲਦਿਆਂ ਪੰਜਾਬ ਸਰਕਾਰ ਇਸ ਨੂੰ ਹੋਰ ਚੌੜਾ ਨਹੀਂ ਕਰ ਸਕਦੀ | ਉਨ੍ਹਾਂ ਲੋਕਾਂ ਵਲੋ ਮਿਲ ਰਹੇ ਸਹਿਯੋਗ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਸਾਨੂੰ ਸਾਰਿਆਂ ਧਿਰਾਂ ਨੂੰ ਇਕੱਠੇ ਹੋ ਕੇ ਪੀੜਤ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਮੁੜ ਵਸੇਬੇ ਦੇ ਯਤਨਾਂ ਦਾ ਸਮਰਥਨ ਕਰਨ ਲਈ 60,000 ਕਰੋੜ ਦੇ ਬਕਾਇਆ ਫ਼ੰਡ ਜਾਰੀ ਕਰਨ ਅਤੇ ਮੁਆਵਜ਼ਾ ਭੁਗਤਾਨ ਵਧਾ ਕੇ 50,000 ਪ੍ਰਤੀ ਏਕੜ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਲਈ ਜਲਦ ਤੋਂ ਜਲਦ ਇਹ ਫ਼ੰਡ ਜਾਰੀ ਕਰਨੇ ਚਾਹੀਦੇ ਹਨ | ਇਸ ਮੌਕੇ ਉਨ੍ਹਾਂ ਨਾਲ ਜੋਨੀ ਅਰੌੜਾ, ਅਰੁਣ ਜਿੰਦਲ, ਜਗਸੀਰ ਮਲਾਣਾ ਐਮ ਸੀ ਮੂਨਕ, ਨਛੱਤਰ ਰਾਓ ਐਮ ਸੀ ਮੂਨਕ, ਗੁਰਵਿੰਦਰ ਸਿੰਘ ਸੰਧੂ ਐਮ ਸੀ, ਰਾਜੂ ਸੈਣੀ ਪ੍ਰਧਾਨ, ਰਘਵੀਰ ਸਰਪੰਚ ਭਾਠੂਆਂ ਕੁਲਵਿੰਦਰ ਪਾਪੜਾ, ਰਾਜਵੀਰ ਸਰਪੰਚ ਸੁਰਜਣ ਭੈਣੀ, ਹਰਜੀਤ ਸੁਰਜਣ ਭੈਣੀ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਹੈਪੀ ਆਦਿ ਮੌਜੂਦ ਸਨ |
ਕੈਬਨਿਟ ਮੰਤਰੀ ਗੋਇਲ ਵਲੋਂ ਮੂਨਕ ਤੇ ਮਕੌਰੜ ਸਾਹਿਬ ਵਿਖੇ ਘੱਗਰ ਦਰਿਆ ਦਾ ਦੌਰਾ
ਅਜੀਤ ਡੈਸਕ
05-09-2025