ਸੁਨਾਮ ਊਧਮ ਸਿੰਘ ਵਾਲਾ, 4 ਸਤੰਬਰ (ਧਾਲੀਵਾਲ, ਭੁੱਲਰ) - ਜਿਸ ਵੇਲੇ ਪੰਜਾਬ ਅਤੇ ਨਾਲ ਲੱਗਦੇ ਪਹਾੜੀ ਸੂਬਿਆਂ 'ਚ ਭਾਰੀ ਮੀਹਾਂ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ ਆਏ ਹੜ੍ਹਾਂ ਕਾਰਨ ਹਾਲਾਤ ਬੇਹੱਦ ਸੰਵੇਦਨਸ਼ੀਲ ਬਣੇ ਹੋਏ ਹਨ ਅਤੇ ਦਰਿਆਵਾਂ ਸਮੇਤ ਨਦੀਆਂ ਨਾਲੇ ਪੂਰੇ ਉਫਾਨ 'ਤੇ ਹਨ | ਜਿੱਥੇ ਕੁੱਝ ਲੋਕਾਂ ਵਲੋਂ ਸੂਬੇ ਵਿਚ ਆਏ ਹੜ੍ਹਾਂ ਨੂੰ ਲੈ ਕੇ ਕੁਦਰਤ ਦੀ ਕਰੋਪੀ ਕਿਹਾ ਜਾ ਰਿਹਾ ਹੈ ਉੱਥੇ ਹੀ ਜ਼ਿਆਦਾਤਰ ਲੋਕ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਗਿਲਾ ਕਰ ਰਹੇ ਹਨ ਕਿ ਜੇਕਰ ਸੂਬੇ ਵਿਚ ਨਹਿਰਾਂ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਕਰਵਾਈ ਹੁੰਦੀ ਤਾਂ ਪੰਜਾਬੀਆਂ ਨੂੰ ਇਨ੍ਹਾਂ ਹੜ੍ਹਾਂ ਦੇ ਪਾਣੀ ਵਿਚ ਡੁੱਬਣ ਲਈ ਮਜਬੂਰ ਨਾਂ ਹੋਣਾ ਪੈਂਦਾ | ਲਗਾਤਾਰ ਹੋ ਰਹੀ ਮੋਹਲੇਧਾਰ ਬਰਸਾਤ ਕਾਰਨ ਸੁਨਾਮ ਸ਼ਹਿਰ ਕੋਲੋਂ ਦੀ ਲੰਘਦੇ ਸਰਹਿੰਦ ਚੋਅ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਜਿਸ ਕਾਰਨ ਸਰਹਿੰਦ ਚੋਅ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ 'ਚ ਚੋਅ ਦੇ ਪਾਣੀ ਮਾਰ ਪੈਣੀ ਸ਼ੁਰੂ ਹੋ ਗਈ ਹੈ ਪਰ ਦੂਜੇ ਪਾਸੇ 'ਬੂਹੇ ਆਈ ਜੰਨ, ਵਿੰਨੋ ਕੁੜੀ ਦੇ ਕੰਨ' ਵਾਲੀ ਕਹਾਵਤ ਅਨੁਸਾਰ ਜਲ ਸਰੋਤ ਵਿਭਾਗ ਦੇ ਬੇਲਦਾਰ ਤਰਸੇਮ ਸਿੰਘ ਵਲੋਂ ਕਿਸਾਨਾਂ ਦੇ ਰੌਲਾ ਪਾਉਣ 'ਤੇ ਅੱਜ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਸਿਵਲ ਹਸਪਤਾਲ ਨੇੜਲੇ ਪੁਲ ਕੋਲ ਜੇ ਸੀ ਬੀ ਮਸ਼ੀਨ ਲਾਕੇ ਚੋਅ ਵਿਚ ਖੜ੍ਹੀ ਜਲ ਬੂਟੀ ਨੂੰ ਕੱਢਣ ਲਈ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਡੁੱਬਣ ਤੋਂ ਬਚਣ ਦੇ ਨਾਲ-ਨਾਲ ਸੁਨਾਮ ਸ਼ਹਿਰ ਵੀ ਚੋਅ ਦੇ ਪਾਣੀ ਤੋਂ ਸੁਰੱਖਿਅਤ ਰਹਿ ਸਕੇ |
ਸਰਹਿੰਦ ਚੋਅ ਦੇ ਪਾਣੀ ਦੀ ਮਾਰ ਹੋਈ ਸ਼ੁਰੂ, ਲੋਕਾਂ ਦੇ ਸਾਹ ਸੂਤੇ
ਅਜੀਤ ਡੈਸਕ
05-09-2025