ਲੌਂਗੋਵਾਲ, 4 ਸਤੰਬਰ (ਸ.ਸ.ਖੰਨਾ, ਵਿਨੋਦ) - ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਸ਼ਹਿਰ ਲੌਂਗੋਵਾਲ ਦੇ ਨਾਲ ਲਗਦੀ ਪਿੰਡੀ ਸਤੀਪੁਰਾ ਰੋਡ ਸਥਿਤ ਬਣੇ ਸਿੱਧੂ ਪੋਲਟਰੀ ਫਾਰਮ ਦੇ ਵਿਚ ਪਾਣੀ ਭਰ ਜਾਣ ਦੇ ਨਾਲ ਵੱਡੀ ਗਿਣਤੀ ਦੇ ਵਿਚ ਮਰੇ ਚੂਚਿਆਂ ਦੇ ਮਰਨ ਦੀ ਖ਼ਬਰ ਮਿਲੀ ਹੈ | ਮੁਰਗ਼ੀ ਫਾਰਮ ਦੇ ਮਾਲਕ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ ਪੁੱਤਰ ਜੁਗਰਾਜ ਸਿੰਘ ਪੱਤੀ ਸੁਨਾਮੀ ਵਾਸੀ ਲੌਂਗੋਵਾਲ ਦਾ ਕਹਿਣਾ ਹੈ ਇਹ ਮੁਰਗ਼ੀ ਫਾਰਮ ਖ਼ੁਦ ਦਾ ਆਪਣਾ ਹੀ ਹੈ ਜਿਸ ਦੇ ਵਿਚ ਉਸ ਵਲੋ ਆਪਣੀ ਖ਼ਰੀਦ ਕਰ ਕੇ ਉਕਤ ਬਰਾਇਲਰ ਚੂਚੇ ਪਾਏ ਹੋਏ ਸਨ | ਜਿਨ੍ਹਾਂ ਦੀ ਗਿਣਤੀ ਤਕਰੀਬਨ ਤਿੰਨ ਹਜ਼ਾਰ ਤੋਂ ਉੱਪਰ ਦੱਸੀ ਗਈ ਹੈ | ਉਨ੍ਹਾਂ ਪਾਣੀ ਨਾਲ ਮਰੇ ਚੂਚਿਆਂ ਦੀ ਉਮਰ 16 ਦਿਨਾਂ ਤੋਂ ਉੱਪਰ ਦੱਸੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਪੈ ਰਹੀ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਉਨ੍ਹਾਂ ਬਹੁਤ ਭਾਰੀ ਘਾਟਾ ਪਿਆ ਹੈ ਨਿੱਕੇ ਨਿੱਕੇ ਚੂਜਿਆਂ ਦੇ ਮਰਨ ਦੇ ਨਾਲ ਨਾਲ 10 ਕੁਇੰਟਲ ਦੇ ਕਰੀਬ ਮਹਿੰਗੇ ਭਾਅ ਦੀ ਮੁਰਗ਼ੀਆਂ ਲਈ ਖ਼ਰੀਦੀ ਫੀਡ ਵੀ ਪਾਣੀ ਵਿਚ ਭਿੱਜ ਕੇ ਤਹਿਸ ਨਹਿਸ ਹੋ ਚੁੱਕੀ ਹੈ | ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |