ਲਹਿਰਾਗਾਗਾ, 4 ਸਤੰਬਰ (ਅਸ਼ੋਕ ਗਰਗ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਭਾਰੀ ਮੀਂਹ ਦੀ ਮਾਰ ਝੱਲ ਰਹੇ ਪਿੰਡ ਸੰਗਤਪੁਰਾ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ | ਇਸੇ ਦੌਰਾਨ ਉਹ ਖੇਤਾਂ ਵਿਚੋਂ ਟਰੈਕਟਰ ਲਗਾ ਕੇ ਮੀਂਹ ਦਾ ਪਾਣੀ ਕੱਢ ਰਹੇ ਕਿਸਾਨਾਂ ਨੂੰ ਮਿਲੇ ਅਤੇ ਕਿਸਾਨਾਂ ਨੂੰ ਟਰੈਕਟਰਾਂ ਵਿਚ ਡੀਜ਼ਲ ਪਾਉਣ ਲਈ ਵਿੱਤੀ ਸਹਾਇਤਾ ਦਿੱਤੀ | ਪਿੰਡ ਵਾਸੀ ਧਰਮਜੀਤ ਸੰਗਤਪੁਰਾ ਨੇ ਬੀਬਾ ਢੀਂਡਸਾ ਨੂੰ ਪਿੰਡ ਅੰਦਰ ਭਾਰੀ ਮੀਂਹ ਨਾਲ ਢਹਿ ਢੇਰੀ ਹੋਏ ਮਕਾਨ ਅਤੇ ਪਾਣੀ ਨਾਲ ਡੁੱਬੀਆਂ ਫ਼ਸਲਾਂ ਵਾਲੇ ਖੇਤ ਦਿਖਾਏ | ਉਨ੍ਹਾਂ ਦੋਸ਼ ਲਗਾਇਆ ਹੈ ਕਿ ਡਰੇਨਜ਼ ਵਿਭਾਗ ਵਲੋਂ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਾ ਕੀਤੇ ਜਾਣ ਕਾਰਨ ਮੀਂਹ ਦੇ ਪਾਣੀ ਨਾਲ ਪਿੰਡ ਸੰਗਤਪੁਰਾ ਦੇ ਖੇਤ ਭਰ ਗਏ ਹਨ ਹੁਣ ਕਿਸਾਨ ਆਪਣੇ ਖ਼ਰਚੇ ਤੇ ਖੇਤਾਂ ਵਿਚੋਂ ਪਾਣੀ ਕੱਢਣ ਦਾ ਪ੍ਰਬੰਧ ਕਰ ਰਹੇ ਹਨ | ਬੀਬਾ ਢੀਂਡਸਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਨੇ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ ਜਿਸ ਦਾ ਖ਼ਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ, ਜੇਕਰ ਡਰੇਨਾਂ ਸਫ਼ਾਈ ਸਹੀ ਢੰਗ ਨਾਲ ਹੋਈ ਹੁੰਦੀ ਤਾਂ ਅੱਜ ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ | ਇਸ ਮੌਕੇ ਜਸਵਿੰਦਰ ਸਿੰਘ ਖ਼ਾਲਸਾ ਪੀ.ਏ, ਤੇਜਾ ਸਿੰਘ ਕਮਾਲਪੁਰ, ਅਮਰਜੀਤ ਸਿੰਘ ਨੰਬਰਦਾਰ ਸੰਗਤਪੁਰਾ, ਧਰਮਜੀਤ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਸਾਬਕਾ ਸਰਪੰਚ, ਕੈਪਟਨ ਸੁਖਚੰਦ ਸਿੰਘ, ਕਰਮਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਵਿੱਕੀ ਸਿੰਘ ਛਾਜਲੀ ਮੌਜੂਦ ਸਨ |