ਧਰਮਗੜ੍ਹ, 4 ਸਤੰਬਰ (ਗੁਰਜੀਤ ਸਿੰਘ ਚਹਿਲ) - ਸਭ ਤੋਂ ਵੱਡੀ ਗੱਲ ਇਨਸਾਨੀਅਤ ਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸਿੱਖ-ਮੁਸਲਿਮ ਸੇਵਾਦਾਰਾਂ ਵਲੋਂ ਰਲ-ਮਿਲ ਕੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਜਾ ਰਹੀ ਹੈ | ਕਲਗ਼ੀਧਰ ਟਰੱਸਟ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਲੋ ਕੁਦਰਤੀ ਆਫ਼ਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਹੀ ਉੱਦਮ ਚੱਲ ਰਿਹਾ ਹੈ, ਜਿਸ ਸਬੰਧੀ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਪਿੰਡ ਜੱਗੂ ਚੱਕ ਟਾਂਡਾ ਅਤੇ ਟਾਂਡਾ ਬਸਤੀ ਵਿਚ ਹੜ੍ਹਾਂ ਦੀ ਸਥਿਤੀ ਭਿਆਨਕ ਰੂਪ ਧਾਰਨ ਕਰ ਗਈ ਸੀ ਅਤੇ ਹੁਣ ਇਨ੍ਹਾਂ ਪਿੰਡਾਂ 'ਚ ਹੜ੍ਹਾਂ ਦਾ ਪਾਣੀ ਉੱਤਰ ਚੁੱਕਾ ਹੈ ਅਤੇ ਪਿੰਡ ਵਿਚ ਮੁੜ ਵਸੇਵੇ ਲਈ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋ ਜਗਤਜੀਤ ਇੰਡਸਟਰੀ ਚੀਮਾ ਅਤੇ ਸਿੱਖ-ਮੁਸਲਿਮ ਸਾਂਝ ਸੋਸਾਇਟੀ ਨਾਲ ਮਿਲ ਕੇ ਇਸ ਪਿੰਡ ਵਿਚ ਰਾਸ਼ਨ ਕਿੱਟਾਂ, ਗੱਦੇ,ਕੰਬਲ, ਬੈਡ ਸ਼ੀਟ, ਚੱਪਲਾਂ, ਸੈਨੇਟਰੀ ਪੈਡ, ਦਵਾਈਆਂ, ਪਾਣੀ ਦੀਆਂ ਬੋਤਲਾਂ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਗਿਆ | ਇੱਥੇ ਜ਼ਿਕਰਯੋਗ ਹੈ ਕਿ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ 'ਹੜ੍ਹ ਪੀੜਤ ਰਾਹਤ ਕੈਂਪ' ਵੀ ਗੁਰਦਾਸਪੁਰ ਜ਼ਿਲੇ੍ਹ ਲਈ ਅਕਾਲ ਅਕੈਡਮੀ ਤਿੱਬੜ, ਦੀਨਾਨਗਰ, ਡੇਰਾ ਬਾਬਾ ਨਾਨਕ ਅਤੇ ਸੁਜਾਨਪੁਰ ਵਿਖੇ, ਅੰਮਿ੍ਤਸਰ ਜ਼ਿਲੇ੍ਹ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪਸ ਬਣਾਏ ਗਏ ਹਨ | ਜਿਥੋਂ ਨੇੜੇ ਦੇ ਹੜ੍ਹ ਪ੍ਰਵਾਭਿਤ ਇਲਾਕਿਆਂ ਵਿਚ ਅਤੇ ਢਾਣੀਆਂ ਵਿਚ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਇੱਥੇ ਜ਼ਿਕਰਯੋਗ ਹੈ ਕਿ ਦੇਸ਼ ਵਿਚ ਜਦੋ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਤਾਂ ਟਰੱਸਟ ਦੀ ਅਕਾਲ ਸੇਵਾ ਟੀਮ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ |