ਮਲੇਰਕੋਟਲਾ, 5 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਮੁੱਖ ਮੰਤਰੀ ਫ਼ੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜ) ਰਾਕੇਸ਼ ਗਰਗ ਵਲੋਂ ਅੱਜ ਮਲੇਰਕੋਟਲਾ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਤੜਕਸਾਰ ਅਚਨਚੇਤ ਦੌਰਾ ਕੀਤਾ ਗਿਆ | ਨਿਰੀਖਣ ਦੌਰਾਨ ਸਹਾਇਕ ਕਮਿਸ਼ਨਰ ਨੇ ਐਮਰਜੈਂਸੀ ਵਾਰਡ, ਓਪੀਡੀ, ਦਵਾਈਆਂ ਦੇ ਸਟਾਕ, ਲੈਬ ਟੈਸਟਿੰਗ ਰੂਮ, ਡਿਊਟੀ ਰੋਸਟਰ ਅਤੇ ਸਫ਼ਾਈ ਪ੍ਰਣਾਲੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਉਨ੍ਹਾਂ ਡਾਕਟਰਾਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਵਿਚ ਮਲੇਰੀਆ, ਡੇਂਗੂ, ਟਾਈਫ਼ਾਈਡ ਅਤੇ ਹੋਰ ਪਾਣੀ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਤੁਰੰਤ ਅਤੇ ਉਚਿੱਤ ਇਲਾਜ ਪ੍ਰਦਾਨ ਕੀਤਾ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਸਫ਼ਾਈ ਪ੍ਰਣਾਲੀ, ਪਾਣੀ ਦੇ ਸਟੋਰੇਜ ਟੈਂਕਾਂ ਅਤੇ ਹਸਪਤਾਲ ਦੇ ਹਰੇਕ ਭਾਗ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ | ਚੈਕਿੰਗ ਦੌਰਾਨ ਮੌਜੂਦ ਡਿਊਟੀ ਮੈਡੀਕਲ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੇ ਸਹਾਇਕ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਸਮੇਂ ਸਿਰ ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ |