ਖਨੌਰੀ, 5 ਸਤੰਬਰ (ਬਲਵਿੰਦਰ ਸਿੰਘ ਥਿੰਦ) - ਕੈਬਿਨਟ ਮੰਤਰੀ ਬਰਿੰਦਰ ਗੋਇਲ ਜੋ ਕਿ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ ਲੈਣ ਆਏ ਹੋਏ ਸਨ, ਨੇ ਵਿਸ਼ੇਸ਼ ਤੌਰ 'ਤੇ ਖਨੌਰੀ ਦੇ ਡਰੇਨ ਦੇ ਬੰਨ੍ਹ ਦਾ ਵੀ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਡਰੇਨ ਦੇ ਬੰਨ੍ਹ ਸਮੇਤ ਇੱਥੇ ਸ਼ਿਵ ਮੰਦਿਰ ਕੋਲ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣਾਏ ਗਏ ਡਿਸਪੋਜ਼ਲ ਦਾ ਵੀ ਜਾਇਜ਼ਾ ਲਿਆ | ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਜਦੋਂ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ ਤੇ ਇਲਾਕੇ ਵਿਚ ਹੜ੍ਹ ਆ ਗਏ ਸਨ ਉਸ ਸਮੇਂ ਵੀ ਡਰੇਨ ਦਾ ਪਾਣੀ ਇਸ ਡਿਸਪੋਜ਼ਲ ਰਾਹੀ ਬੈਕ ਮਾਰ ਗਿਆ ਸੀ ਪਰੰਤੂ ਪਿੰਡ ਦੇ ਲੋਕਾਂ ਅਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਦੇ ਸਹਿਯੋਗ ਸਦਕਾ ਮਿੱਟੀ ਦੇ ਥੈਲੇ ਵਗ਼ੈਰਾ ਲਾ ਕੇ ਉਸ ਪਾਣੀ ਨੂੰ ਰੋਕਿਆ ਗਿਆ ਸੀ | ਜਿਸ ਕਾਰਨ ਖਨੌਰੀ ਸ਼ਹਿਰ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾ ਲਿਆ ਗਿਆ ਸੀ | ਸ਼ਹਿਰ ਦੇ ਸਮਾਜ ਸੇਵੀ ਰੋਮੀ ਗੋਇਲ ਨੇ ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਕਿਹਾ ਕਿ ਅਗਰ ਇਸ ਡਰੇਨ ਦੇ ਬੰਨ੍ਹ ਤੇ ਮਿੱਟੀ ਵਗ਼ੈਰਾ ਪਾ ਕੇ ਇਸ ਨੂੰ ਚੌੜਾ ਅਤੇ ਦੋ ਫੁੱਟ ਉੱਚਾ ਕਰ ਦਿੱਤਾ ਜਾਵੇ ਤਾਂ ਖਨੌਰੀ ਸ਼ਹਿਰ ਦੇ ਲੋਕਾਂ ਨੂੰ ਹਰ ਸਾਲ ਹੀ ਇਸ ਡਰੇਨ ਵਾਲੇ ਪਾਸੇ ਤੋਂ ਪਾਣੀ ਆ ਜਾਣ ਦਾ ਰਹਿੰਦਾ ਡਰ ਦੂਰ ਹੋ ਸਕੇਗਾ | ਇਸ ਬਾਰੇ ਬਰਿੰਦਰ ਗੋਇਲ ਨੇ ਇਸ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ ਧਿਆਨ ਪੰਜਾਬ ਵਿਚ ਆਏ ਹੜ੍ਹਾਂ ਤੇ ਇਸ ਘੱਗਰ ਦਰਿਆ ਦੇ ਵੱਲ ਲੱਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹੜ੍ਹਾਂ ਦੀ ਸਥਿਤੀ ਸੁਧਰਨ ਉਪਰੰਤ ਇਸ ਵੱਲ ਉਚੇਚਾ ਧਿਆਨ ਦੇ ਕੇ ਇਸੇ ਪੱਕੇ ਹੱਲ ਦੇ ਲਈ ਉਪਰਾਲਾ ਕੀਤਾ ਜਾਵੇਗਾ | ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਸਮਾਜ ਸੇਵੀ ਰੌਮੀ ਗੋਇਲ, ਜਸਵਿੰਦਰ ਸਿੰਘ ਜੱਸੂ, ਰਾਜ ਕੁਮਾਰ, ਗੁਰਮੇਲ ਸਿੰਘ ਆਦਿ ਮੌਜੂਦ ਸਨ |