ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਲਾਕ ਕਾਂਗਰਸ ਦੇ ਪ੍ਰਧਾਨ ਸ੍ਰੀ ਰੌਕੀ ਬਾਂਸਲ ਨੇ ਕਿਹਾ ਕਿ ਆਪ ਸਰਕਾਰ ਅਤੇ ਪ੍ਰਸ਼ਾਸਨ ਦੀ ਅਵੇਸਲੀ ਨੀਤੀ ਕਾਰਨ ਸੰਗਰੂਰ ਸ਼ਹਿਰ ਅੱਜ ਨਰਕ ਦੇ ਢੇਰ ਵਿਚ ਤਬਦੀਲ ਹੋਇਆ ਪਿਆ ਹੈ ਪਰ ਮੌਜੂਦਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਮੂਕ ਦਰਸ਼ਕ ਵਾਂਗ ਇਹ ਸਭ ਕੁੱਝ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਕਹਿਣ ਨੂੰ ਸੰਗਰੂਰ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਕਿਹਾ ਜਾਂਦਾ ਹੈ ਪਰ ਪ੍ਰਸ਼ਾਸਨ ਹੁਕਮਰਾਨ ਧਿਰ ਨੂੰ ਟਿੱਚ ਸਮਝ ਕੇ ਆਪਣੀ ਹਰ ਗੱਲ ਪੁੱਗਾਂ ਰਿਹਾ ਹੈ | ਜੇ ਸਮਾਂ ਰਹਿੰਦੀਆਂ ਸੁਪਰ ਸੰਕਸ਼ਨ ਮਸ਼ੀਨਾਂ ਦੀ ਮਦਦ ਨਾਲ ਸ਼ਹਿਰ ਦੀ ਸੀਵਰੇਜ ਲਾਈਨਾਂ ਦੀ ਉਚਿੱਤ ਢੰਗ ਨਾਲ ਸਫ਼ਾਈ ਕਰਵਾਈ ਹੁੰਦੀ ਤਾਂ ਸੰਗਰੂਰ ਦੀ ਹਾਲਤ ਅਜਿਹੀ ਨਹੀ ਸੀ ਹੋਣੀ ਜੋ ਅੱਜ ਹੋਈ ਪਈ ਹੈ | ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਿਹਾ ਹੈ ਅਤੇ ਗੰਦਗੀ ਭਰੇ ਇਸ ਵਾਤਾਵਰਨ ਵਿਚ ਸਾਹ ਲੈਣਾ ਵੀ ਦੁਸ਼ਵਾਰ ਬਣਿਆ ਹੋਇਆ ਹੈ | ਰੌਕੀ ਬਾਂਸਲ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ਉੱਤੇ ਕੋਈ ਸਿਆਸਤ ਨਹੀ ਕਰ ਰਹੀ ਬਲਕਿ ਸੰਗਰੂਰ ਵਾਸੀਆਂ ਦੀ ਅਸਲ ਤਸਵੀਰ ਪ੍ਰਸ਼ਾਸਨ ਦੇ ਸਨਮੁੱਖ ਰੁੱਖ ਰਹੀ ਹੈ | ਜੇ ਆਉਂਦੇ ਦਿਨਾਂ ਵਿਚ ਵੀ ਸੀਵਰੇਜ ਦੀ ਹਾਲਤ ਨਾ ਸੁਧਰੀ ਤਾਂ ਸੰਗਰੂਰ ਵਾਸੀਆਂ ਨੂੰ ਕਿਸੇ ਸੰਭਾਵੀ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਸਾਬਕਾ ਕੈਬਿਨਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਧਰਨਾ ਦੇਣ ਲਈ ਮਜਬੂਰ ਹੋਵਾਂਗੇ |