ਸੰਦੌੜ, 6 ਸਤੰਬਰ (ਜਸਵੀਰ ਸਿੰਘ ਜੱਸੀ) - ਮਲੇਰਕੋਟਲਾ ਹਲਕੇ ਵਿਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਸਰਕਾਰ ਵਲੋਂ ਪੂਰੀ ਚੌਕਸੀ ਨਾਲ ਕਦਮ ਚੁੱਕੇ ਜਾ ਰਹੇ ਹਨ | ਇਸ ਗੱਲ ਦੀ ਜਾਣਕਾਰੀ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਮੁਹੰਮਦ ਜਮੀਲ ਉਰ ਰਹਿਮਾਨ ਨੇ ਪਿੰਡਾਂ ਦਾ ਦੌਰਾ ਕਰਦਿਆਂ ਅਤੇ ਖ਼ਾਸ ਤੌਰ 'ਤੇ ਚੱਕ ਸ਼ੇਖ਼ੂਪੁਰੇ ਕਲਾਂ ਵਿਚ ਪ੍ਰਭਾਵਿਤ ਘਰਾਂ ਦਾ ਜਾਇਜ਼ਾ ਲੈਂਦਿਆਂ ਕਹੀ | ਪਿੰਡ ਦੇ ਸਰਪੰਚ ਬੀਬਾ ਬਲਵਿੰਦਰ ਕੌਰ ਦੀ ਮੰਗ ਅਨੁਸਾਰ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਸੌਂਪਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਲੋੜੀਂਦੀ ਮਦਦ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ | ਵਿਧਾਇਕ ਰਹਿਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਸਮਾਨ ਦੀ ਜਮ੍ਹਾਖ਼ੋਰੀ ਜਾਂ ਵੱਧ ਕੀਮਤ ਵਸੂਲਣ ਤੋਂ ਗੁਰੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਮਾਜਿਕ ਸੰਗਠਨ, ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਪ੍ਰਭਾਵਿਤ ਖੇਤਰਾਂ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ | ਵਿਧਾਇਕ ਰਹਿਮਾਨ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਮੀਂਹ ਨਾਲ ਪ੍ਰਭਾਵਿਤ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਇਸ ਮੁਸ਼ਕਲ ਘੜੀ ਨੂੰ ਜਲਦ ਪਾਰ ਕਰੇਗੀ | ਇਸ ਮੌਕੇ ਅਮਰਿੰਦਰ ਸਿੰਘ ਫ਼ੌਜੀ, ਜਗਜੀਤ ਸਿੰਘ ਮਾਸਟਰ, ਹਰਦੇਵ ਸਿੰਘ, ਮੁਹੰਮਦ ਸਲੀਮ, ਹਰਪ੍ਰੀਤ ਸਿੰਘ ਪੰਚ, ਸੁਰਿੰਦਰ ਸਿੰਘ ਪੰਚ, ਮੰਨਾ ਰਾਣੀ ਪੰਚ, ਚਮਕੌਰ ਸਿੰਘ ਪੰਚ, ਦਲਜੀਤ ਸਿੰਘ ਪੰਚ, ਗੁਰਮੁਖ ਸਿੰਘ ਪੰਚ ਬਲਵੰਤ ਸਿੰਘ ਫ਼ੌਜੀ, ਹਮੀਦਾ ਪੰਚ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੌਜੂਦ ਸਨ |