ਭਵਾਨੀਗੜ੍ਹ, 06 ਸਤੰਬਰ (ਲਖਵਿੰਦਰ ਪਾਲ ਗਰਗ)-ਪਿੰਡ ਮਾਝੀ ਵਿਖੇ ਚੋਰਾਂ ਵਲੋਂ ਇਕ ਬਜ਼ੁਰਗ ਔਰਤ ਦੇ ਘਰ ਵਿਚੋਂ 30 ਤੋਲੇ ਸੋਨੇ ਦੇ ਗਹਿਣੇ, ਇਕ ਥਾਰ ਗੱਡੀ ਤੋਂ ਇਲਾਵਾ ਘਰ 'ਚੋਂ ਕੀਮਤੀ ਸਮਾਨ ਸਮੇਤ 10 ਹਜ਼ਾਰ ਰੁਪਿਆਂ ਦੀ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ | ਪੁਲਿਸ ਨੇ ਇਸ ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ | ਇਸ ਘਟਨਾ ਸਬੰਧੀ ਮਨਜੀਤ ਕੌਰ ਪਤਨੀ ਸਵ: ਰਘਵੀਰ ਸਿੰਘ ਵਾਸੀ ਪਿੰਡ ਮਾਝੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਮਾਝੀ ਵਿਖੇ ਘਰ 'ਚ ਇਕੱਲੀ ਹੀ ਰਹਿੰਦੀ ਹੈ ਉਸ ਦਾ ਲੜਕਾ ਤੇ ਨੂੰਹ ਕੈਨੇਡਾ ਵਿਖੇ ਰਹਿੰਦੇ ਹਨ | ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਪੇਕੇ ਪਰਿਵਾਰ ਕੋਲ ਗਈ ਹੋਈ ਸੀ ਤੇ ਅੱਜ ਦੇਰ ਸ਼ਾਮ ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਦੇ ਘਰ ਦਾ ਮੁੱਖ ਦਰਵਾਜਾ ਖੁੱਲ੍ਹਾ ਪਿਆ ਸੀ ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਿਖ਼ਆ ਤਾਂ ਘਰ ਵਿਚ ਖੜ੍ਹੀ ਥਾਰ ਗੱਡੀ ਗਾਇਬ ਸੀ ਤੇ ਘਰ ਦੇ ਕਮਰਿਆ ਅੰਦਰ ਪਿਆ ਸਮਾਨ ਖਿੱਲਰਿਆ ਹੋਇਆ ਸੀ ਘਰ ਦੀਆਂ ਅਲਮਾਰੀਆ ਤੇ ਬੈੱਡ ਵਗੈਰਾ ਦੀ ਚੋਰਾਂ ਵਲੋਂ ਭੰਨ ਤੋੜ ਕੀਤੀ ਹੋਈ ਸੀ | ਜਦੋਂ ਉਸ ਨੇ ਆਪਣੇ ਘਰ ਦਾ ਸਮਾਨ ਵਗੈਰਾ ਚੈੱਕ ਕੀਤਾ ਤਾਂ ਉਸ ਨੇ ਦੇਿਖ਼ਆ ਕਿ ਚੋਰ ਉਸ ਦੇ ਘਰ ਵਿਚੋਂ 30 ਤੋਲੇ ਸੋਨਾ, ਇਕ ਥਾਰ ਗੱਡੀ, ਇਕ ਐਲ.ਸੀ.ਡੀ., ਇਕ ਮਾਈਕਰੋਵੇਵ ਤੋਂ ਇਲਾਵਾ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ | ਜਿਸ ਨਾਲ ਉਸ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ | ਇਸ ਘਟਨਾ ਸਬੰਧੀ ਉਸ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਪਿੰਡ 'ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਪੁਲਿਸ ਵਲੋਂ ਚੈੱਕ ਕੀਤਾ ਜਾ ਰਿਹਾ ਸੀ |