ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਭੁੱਲਰ, ਧਾਲੀਵਾਲ) - ਮੀਂਹ ਦੇ ਮੌਸਮ ਵਿਚ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਈਫ਼ਾਈਡ ਅਤੇ ਦਸਤ ਆਦਿ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ | ਇਸ ਸਬੰਧੀ ਐਸ.ਡੀ.ਐਮ. ਸੁਨਾਮ ਊਧਮ ਸਿੰਘ ਵਾਲਾ, ਸ਼੍ਰੀ ਪ੍ਰਮੋਦ ਸਿੰਗਲਾ ਨੇ ਸੁਨਾਮ ਅਤੇ ਨਜ਼ਦੀਕੀ ਇਲਾਕਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਦਿੰਦਿਆਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ | ਐਸ.ਡੀ.ਐਮ. ਨੇ ਲੋਕਾਂ ਨੂੰ ਵੱਖ-ਵੱਖ ਸਾਵਧਾਨੀਆਂ ਵਰਤਣ ਲਈ ਕਿਹਾ ਹੈ, ਜਿਨ੍ਹਾਂ ਵਿਚ ਘਰਾਂ ਅੰਦਰ ਜਾਂ ਬਾਹਰ ਪਾਣੀ ਖੜ੍ਹਾ ਨਾਂ ਹੋਣ ਦੇਣਾ (ਕੂਲਰਾਂ, ਗਮਲਿਆਂ, ਟਾਇਰਾਂ, ਬੇਕਾਰ ਬਰਤਨਾਂ ਆਦਿ ਵਿਚ) | ਆਸ-ਪਾਸ ਸਫ਼ਾਈ ਰੱਖਣ ਅਤੇ ਪਾਣੀ ਵਾਲੇ ਬਰਤਨ ਹਫ਼ਤੇ ਵਿਚ ਇੱਕ ਵਾਰ ਜ਼ਰੂਰ ਖ਼ਾਲੀ ਕਰ ਕੇ ਧੋਣ | ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ, ਕਰੀਮ ਅਤੇ ਪੂਰੀ ਬਾਂਹਾਂ ਵਾਲੇ ਕੱਪੜੇ ਪਾਉਣ | ਪੀਣ ਲਈ ਸਿਰਫ਼ ਸਾਫ਼ ਅਤੇ ਉੱਬਲੇ ਹੋਏ ਪਾਣੀ ਦੀ ਵਰਤੋਂ ਕਰਨ | ਜੇਕਰ ਬੁਖ਼ਾਰ, ਸਿਰਦਰਦ, ਸਰੀਰ ਦਰਦ, ਉਲਟੀ ਜਾਂ ਖ਼ੂਨ ਆਉਣ ਵਰਗੇ ਲੱਛਣ ਨਜ਼ਰ ਆਉਣ ਤਾਂ ਨਜ਼ਦੀਕੀ ਸਰਕਾਰੀ ਹਸਪਤਾਲ/ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕਰਨ ਵਰਗੀਆਂ ਸਾਵਧਾਨੀਆਂ ਸ਼ਾਮਲ ਹਨ | ਐਸ.ਡੀ.ਐਮ. ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਲਾਜ਼ਮੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ 'ਤੇ ਕਾਬੂ ਰੱਖਿਆ ਜਾ ਸਕੇ | ਨਾਲ ਹੀ ਸਬੰਧਿਤ ਵਿਭਾਗਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿਚ ਫੌਗਿੰਗ ਤੇ ਸਫ਼ਾਈ ਮੁਹਿੰਮ ਚਲਾਉਣ ਲਈ ਹੁਕਮ ਦਿੱਤੇ ਗਏ ਹਨ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨ ਰਹੋ, ਸਫ਼ਾਈ ਰੱਖੋ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਅਸੀਂ ਮਿਲ ਕੇ ਸਿਹਤਮੰਦ ਤੇ ਸੁਰੱਖਿਅਤ ਮਾਹੌਲ ਤਿਆਰ ਕਰ ਸਕੀਏ |