ਸੰਗਰੂਰ, 24 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਮੁੱਖ ਦਫ਼ਤਰ ਬਨਾਸਰ ਬਾਗ਼ ਦਾ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਡੀਨ ਡਾ. ਨਰਵਿੰਦਰ ਕੌਸ਼ਲ, ਚੇਅਰਮੈਨ ਇੰਜੀਨੀਅਰ ਪ੍ਰਵੀਨ ਬਾਂਸਲ, ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖ਼ਮੀ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਵਿੱਤ ਸਕੱਤਰ ਸ਼ਕਤੀਪਾਲ ਮਿੱਤਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਅਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਬਜ਼ੁਰਗਾਂ ਦੀ ਭਲਾਈ ਅਤੇ ਲੋਕ ਭਲਾਈ, ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਹੈ | ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ 1 ਅਕਤੂਬਰ ਨੂੰ ਬਜ਼ੁਰਗਾਂ ਦੇ ਨਾਂਅ ਸਮਰਪਿਤ ਕਰ ਕੇ ਇਸ ਦਿਨ ਨੂੰ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਜਨਰਲ ਸਕੱਤਰ ਸ੍ਰੀ ਜਗਜੀਤ ਸਿੰਘ ਜੱਸਲ ਨੇ ਕਿਹਾ ਕਿ ਬਜ਼ੁਰਗਾਂ ਲਈ ਸਿਰਫ਼ ਇੱਕ ਦਿਨ ਨਹੀਂ ਬਲਕਿ ਬਜ਼ੁਰਗ ਤਾਂ ਸਾਡੇ ਘਰਾਂ ਦੀਆਂ ਨੀਂਹਾਂ ਸਨ | ਸਾਡੇ ਘਰਾਂ ਦੇ ਜਿੰਦਰੇ ਹਨ | ਉਨ੍ਹਾਂ ਨੂੰ ਹਰ ਸਮੇਂ ਸਤਿਕਾਰ ਦੇਣਾ ਸਾਡੀ ਇਖ਼ਲਾਕੀ ਫ਼ਰਜ਼ ਹੈ | ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ ਅਤੇ ਸੂਬਾਈ ਪੈਨਸ਼ਨਰ ਆਗੂ ਵੀ ਹਨ ਨੇ ਕਿਹਾ ਕਿ ਜੇਕਰ ਘਰ ਵਿਚ ਬਜ਼ੁਰਗਾਂ ਦੇ ਸਤਿਕਾਰ ਨਹੀਂ ਤਾਂ ਉਹ ਘਰ ਨਹੀਂ ਬਲਕਿ ਉਹ ਘਰ ਭੂਤਬਾੜਾ ਹੈ | ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਚਾਬਾ ਨੂੰ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਦੇ ਮੌਕੇ ਤੇ ਇੱਕ ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਅਤੇ ਸੱਦਾ ਪੱਤਰ ਵੀ ਦਿੱਤਾ ਅਤੇ ਨਾਲ ਹੀ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਵਾਸੀਆਂ ਲਈ ਮੁੱਖ ਮੰਤਰੀ ਰਾਹਤ ਫ਼ੰਡ ਲਈ ਸ੍ਰੀ ਚਾਬਾ ਰਾਹੀਂ 01 ਲੱਖ 31 ਹਜ਼ਾਰ ਦੀ ਰਾਸ਼ੀ ਦਾ ਚੈੱਕ ਵੀ ਦਿੱਤਾ | ਇਸ ਮੌਕੇ ਤੇ ਸ੍ਰੀ ਨਰਾਤਾ ਰਾਮ ਸਿੰਗਲਾ, ਅਵਿਨਾਸ਼ ਸ਼ਰਮਾ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਰਜਿੰਦਰ ਸਿੰਘ ਚੰਗਾਲ, ਅਸ਼ੋਕ ਸ਼ਰਮਾ ਆਦਿ ਮੌਜੂਦ ਸਨ |