ਧੂਰੀ, 24 ਸਤੰਬਰ (ਲਖਵੀਰ ਸਿੰਘ ਧਾਂਦਰਾ) - ਹਲਕੇ ਵਿਚ ਕਬੱਡੀ ਦੇ ਖੇਡ ਨੂੰ ਨਵੀਂ ਦਿਸ਼ਾ ਦੇਣ ਅਤੇ ਨਵੇਂ ਖਿਡਾਰੀਆਂ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਮਾਲਵਾ ਕਬੱਡੀ ਲੀਗ ਫੈਡਰੇਸ਼ਨ ਦਾ ਗਠਨ ਕੀਤਾ ਗਿਆ | ਇਸ ਫੈਡਰੇਸ਼ਨ ਦੀ ਰਚਨਾ ਨਾ ਸਿਰਫ਼ ਖੇਡ ਨੂੰ ਉਚਾਈਆਂ ਤੱਕ ਲੈ ਜਾਣ ਲਈ ਕੀਤੀ ਗਈ ਹੈ, ਬਲਕਿ ਖਿਡਾਰੀਆਂ ਦੇ ਹੱਕਾਂ ਅਤੇ ਭਵਿੱਖ ਦੀ ਸੁਰੱਖਿਆ ਲਈ ਵੀ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ | ਚੋਣ ਪ੍ਰਕਿਰਿਆ ਦੌਰਾਨ ਸਰਬਸੰਮਤੀ ਨਾਲ ਫੈਸਲਾ ਕਰ ਕੇ ਇਲਾਕੇ ਦੇ ਮਸ਼ਹੂਰ ਸਮਾਜ ਸੇਵੀ ਅਤੇ ਨੌਜਵਾਨ ਉੱਦਮੀ ਜਗਸੀਰ ਸਿੰਘ ਜੱਗੀ ਢੀਂਡਸਾ ਨੂੰ ਫੈਡਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੇ ਨਾਲ ਤਜਰਬੇਕਾਰ ਤੇ ਸਰਗਰਮ ਸ਼ਖ਼ਸੀਅਤਾਂ ਨੂੰ ਵੀ ਵੱਖ-ਵੱਖ ਅਹੁਦਿਆਂ ਲਈ ਚੁਣਿਆ ਗਿਆ ਹੈ | ਇਨ੍ਹਾਂ ਵਿਚ ਕਰਮਜੀਤ ਸਿੰਘ ਕਰਮੀ ਬਰੜ੍ਹਵਾਲ ਉਪ ਚੇਅਰਮੈਨ, ਤਲਵਿੰਦਰ ਸਿੰਘ ਨੀਟੂ ਮੰਡੇਰ ਪ੍ਰਧਾਨ, ਸੁਖਵੀਰ ਸਿੰਘ ਕਾਲਾ ਮੀਮਸਾ ਮੀਤ ਪ੍ਰਧਾਨ, ਮੱਖਣ ਸ਼ੇਰਗਿੱਲ ਸਕੱਤਰ ਜਨਰਲ ਅਤੇ ਬਘੇਲ ਸਿੰਘ ਢੀਂਡਸਾ ਸਕੱਤਰ ਨਿਯੁਕਤ ਹੋਏ | ਇਸ ਤੋਂ ਇਲਾਵਾ ਲੱਖੀ ਬਰੜ੍ਹਵਾਲ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲਣਗੇ | ਫੈਡਰੇਸ਼ਨ ਦੇ ਸਰਪ੍ਰਸਤਾਂ ਵਿਚ ਅੱਛਰਾ (ਆਸਟੇ੍ਰਲੀਆ), ਸਿੰਦਰੀ (ਕੈਨੇਡਾ), ਪਰਗਟ (ਆਸਟੇ੍ਰਲੀਆ), ਗੁਰਪ੍ਰੀਤ (ਆਸਟੇ੍ਰਲੀਆ) ਅਤੇ ਸੋਨੀ ਸੰਧੂ (ਕੈਨੇਡਾ) ਨੂੰ ਚੁਣਿਆ ਗਿਆ ਹੈ | ਵਿਦੇਸ਼ਾਂ ਵਿਚ ਵੱਸਦੇ ਇਹ ਸਰਪ੍ਰਸਤ ਫੈਡਰੇਸ਼ਨ ਨੂੰ ਆਰਥਿਕ ਅਤੇ ਪ੍ਰਬੰਧਕੀ ਪੱਖੋਂ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਨਵੇਂ ਚੁਣੇ ਗਏ ਚੇਅਰਮੈਨ ਜੱਗੀ ਢੀਂਡਸਾ ਨੇ ਇਸ ਮੌਕੇ 'ਤੇ ਕਿਹਾ ਕਿ ਫੈਡਰੇਸ਼ਨ ਦੇ ਰਾਹੀਂ ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਖਿਡਾਰੀਆਂ ਲਈ ਮੌਕੇ ਪੈਦਾ ਕੀਤੇ ਜਾਣਗੇ | ਉਨ੍ਹਾਂ ਨੇ ਦਾਅਵਾ ਕੀਤਾ ਕਿ ਕਬੱਡੀ ਨੂੰ ਸਿਰਫ਼ ਖੇਡ ਹੀ ਨਹੀਂ ਬਲਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿਹਤਮੰਦ ਜੀਵਨ ਵੱਲ ਲਿਜਾਣਾ ਦਾ ਸਭ ਤੋਂ ਵਧੀਆ ਸਾਧਨ ਬਣਾਇਆ ਜਾਵੇਗਾ |