ਅਮਰਗੜ੍ਹ, 24 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਅਮਰਗੜ੍ਹ ਦੇ ਸਬ-ਡਵੀਜ਼ਨ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਸ ਜਾਗੀ ਸੀ ਕਿ ਸਿਹਤ ਸਹੂਲਤਾਂ ਪੱਖੋਂ ਪਿਛਲੇ ਲੰਮੇ ਸਮੇਂ ਤੋਂ ਫਾਡੀ ਰਹੇ ਕਮਨਿਊਟੀ ਹੈਲਥ ਸੈਂਟਰ ਅਮਰਗੜ੍ਹ ਨੂੰ ਸਬ-ਡਿਵੀਜ਼ਨਲ ਪੱਧਰ ਦੇ ਅਪਗਰੇਡ ਕੀਤਾ ਜਾਵੇਗਾ ਤੇ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਪੱਕੇ ਤੌਰ ਤੈਨਾਤੀ ਹੋਵੇਗੀ ਅਤੇ ਨਿਰੋਲ ਪੇਂਡੂ ਇਲਾਕੇ ਅਮਰਗੜ੍ਹ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਪਰ ਅਮਰਗੜ੍ਹ ਨੂੰ ਸਬ-ਡਿਵੀਜ਼ਨ ਬਣੇ ਲਗ-ਪਗ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਦੀ ਹਸਪਤਾਲ ਉੱਪਰ ਸਵੱਲੀ ਨਿਗ੍ਹਾ ਨਾ ਪੈਣ ਕਾਰਨ ਪਰਨਾਲਾ ਉੱਥੇ ਦਾ ਉੱਥੇ ਹੀ ਏ, ਨਾ ਤਾਂ ਹਸਪਤਾਲ ਅਪਗਰੇਡ ਹੋ ਸਕਿਆ ਹੈ ਤੇ ਨਾਂ ਹੀ ਕੋਈ ਮਾਹਿਰ ਡਾਕਟਰ ਹੀ ਅਮਰਗੜ੍ਹ ਨੂੰ ਮਿਲਿਆ | ਸਗੋਂ ਸਿਹਤ ਸਹੂਲਤਾਂ ਨੂੰ ਲੈ ਕੇ ਕਮਿਊਨਿਟੀ ਹੈਲਥ ਸੈਂਟਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਸ਼ਾਨਦਾਰ ਬਿਲਡਿੰਗ ਵਾਲਾ ਕਮਨਿਊਟੀ ਹੈਲਥ ਸੈਂਟਰ ਅਮਰਗੜ੍ਹ ਮਾਹਿਰ ਡਾਕਟਰਾਂ ਤੇ ਹੋਰ ਸਟਾਫ਼ ਦੀ ਘਾਟ ਨਾਲ ਜੂਝਦਾ ਹੋਇਆ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਤੇ ਇੱਥੋਂ ਤੱਕ ਕਿ ਲੰਮੇ ਸਮੇਂ ਤੋਂ ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਦੀਆਂ ਐਮਰਜੈਂਸੀ ਸੇਵਾਵਾਂ ਵੀ ਠੱਪ ਪਈਆਂ ਹਨ | ਠੱਪ ਪਈਆਂ ਐਮਰਜੈਂਸੀ ਸੇਵਾਵਾਂ ਅਤੇ ਅਮਰਗੜ੍ਹ ਇਲਾਕੇ ਤੇ ਮੰਡਰਾ ਰਹੇ ਡੇਂਗੂ ਦੇ ਖ਼ਤਰੇ ਨੂੰ ਲੈ ਕੇ ਅਮਰਗੜ੍ਹ ਦੇ ਕੌਂਸਲਰ ਜਸਵਿੰਦਰ ਸਿੰਘ ਦੱਦੀ, ਦੀਪਕ ਕੌੜਾ, ਕੌਂਸਲਰ ਮਾਸਟਰ ਸ਼ੇਰ ਸਿੰਘ, ਹਰਸ਼ ਸਿੰਗਲਾ ਅਤੇ ਭਜਨ ਰਾਮ ਨੇ ਇੱਕ ਵਫ਼ਦ ਦੇ ਰੂਪ ਵਿਚ ਐਸ.ਐਮ.ਓ ਡਾਕਟਰ ਅਮਨਦੀਪ ਕੌਰ ਦੀ ਗੈਰ ਮੌਜੂਦਗੀ 'ਚ ਡਾ. ਗੁਰਵਿੰਦਰ ਸਿੰਘ ਅਤੇ ਡਾ. ਅੰਮਿ੍ਤਪਾਲ ਸਿੰਘ ਨਾਲ ਮੁਲਾਕਾਤ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਂਸਲਰਾਂ ਨੇ ਦੱਸਿਆ ਕਿ ਅਮਰਗੜ੍ਹ 'ਚ ਕਈ ਲੋਕ ਡੇਂਗੂ ਵਾਇਰਸ ਤੋਂ ਪੀੜਤ ਹਨ, ਜਦਕਿ ਸਥਾਨਕ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਲਈ ਇੱਕ ਵੀ ਡਾਕਟਰ ਮੌਜੂਦ ਨਹੀਂ ਤੇ ਮਰੀਜ਼ਾਂ ਨੂੰ ਰਾਤਾਂ ਨੂੰ ਦੂਰ-ਦੂਰ ਤੱਕ ਸ਼ਹਿਰਾਂ ਵਿਚ ਇਲਾਜ ਲਈ ਭਟਕਣਾ ਪੈ ਰਿਹਾ ਹੈ | ਉਨ੍ਹਾਂ ਨੇ ਜ਼ੋਰਦਾਰ ਆਵਾਜ਼ ਵਿਚ ਹਲਕਾ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਤੁਰੰਤ ਤਿੰਨ ਜਾਂ ਚਾਰ ਡਾਕਟਰਾਂ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ ਤੈਨਾਤ ਕੀਤਾ ਜਾਵੇ, ਤਾਂ ਜੋ ਅਮਰਗੜ੍ਹ ਵਾਸੀਆਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਮਿਲ ਸਕਣ ਅਤੇ ਡੇਂਗੂ ਵਰਗੀ ਮਹਾਂਮਾਰੀ ਨਾਲ ਲੜਨ ਵਿਚ ਮਦਦ ਮਿਲੇ | ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਨੂੰ ਸਰਕਾਰ ਨਵੀਂ ਐਂਬੂਲੈਂਸ ਮੁਹੱਈਆ ਕਰਵਾਏ | ਉੱਧਰ ਡਾ.ਗੁਰਵਿੰਦਰ ਸਿੰਘ ਅਤੇ ਡਾ.ਅੰਮਿ੍ਤਪਾਲ ਸਿੰਘ ਦਾ ਕਹਿਣਾ ਹੈ ਕਿ ਹੈਲਥ ਵਰਕਰ ਘਰ-ਘਰ ਜਾ ਕੇ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਤੇ ਡਾਕਟਰਾਂ ਦੀ ਘਾਟ ਸਬੰਧੀ ਐਸ.ਐਮ.ਓ ਡਾ. ਅਮਨਦੀਪ ਕੌਰ ਸਿਵਲ ਸਰਜਨ ਮਲੇਰਕੋਟਲਾ ਨਾਲ ਮੀਟਿੰਗ ਕਰਨ ਗਏ ਹੋਏ ਹਨ ਤੇ ਉਮੀਦ ਹੈ ਕੇ ਅਮਰਗੜ੍ਹ ਕਮਿਊਨਿਟੀ ਹੈਲਥ ਸੈਂਟਰ ਨੂੰ ਡੈਪੂਟੇਸ਼ਨ ਤੇ ਜਲਦ ਡਾਕਟਰ ਮਿਲਣਗੇ ਅਤੇ ਐਮਰਜੈਂਸੀ ਸੇਵਾਵਾਂ ਮੁੜ ਬਹਾਲ ਹੋਣਗੀਆਂ |