ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹੇ ਦੇ ਪਿੰਡ ਬਡਰੁੱਖਾ ਦੀ ਰਹਿਣ ਵਾਲੀ ਸੋਨਮ ਨਾਮ ਦੀ ਮਹਿਲਾ ਨੇ ਦਿੱਲੀ ਵਿਖੇ ਆਯੋਜਿਤ ਪ੍ਰਾਈਡ ਆਫ਼ ਮਿਸਜ ਇੰਡੀਆ 2025 ਦੇ ਮੁਕਾਬਲਿਆਂ ਵਿਚ ਫ਼ਸਟ ਰਨਰ ਅੱਪ ਹੋਣ ਦਾ ਮਾਣ ਹਾਸਲ ਕੀਤਾ ਹੈ | ਦਿੱਲੀ ਵਿਚ ਦਵਾਰਕਾ ਸਥਿਤ ਹੋਟਲ ਵਿਚ ਕਰਵਾਏ ਮੁਕਾਬਲੇ ਵਿਚ ਦੇਸ਼ ਭਰ ਦੇ ਲਗਭਗ 600 ਪ੍ਰਤੀਯੋਗੀਆਂ ਨੇ ਹਿੱਸਾ ਲਿਆ | ਇੰਨ੍ਹਾ ਮੁਕਾਬਲਿਆਂ ਨੂੰ ਭਾਰਤ ਦੇ ਸਭ ਤੋਂ ਪ੍ਰਤਿਸ਼ਠਿਤ ਬਿਊਟੀ ਮੁਕਾਬਲਿਆਂ ਵਿਚ ਜਾਣਿਆ ਜਾਂਦਾ ਹੈ | ਸੋਨਮ ਜੋ ਕਿ ਇੱਕ ਘਰੇਲੂ ਨਾਰੀ ਹੈ ਪਰ ਉਸ ਨੇ ਆਪਣੀ ਮਿਹਨਤ ਲਗਨ, ਆਤਮ ਵਿਸ਼ਵਾਸ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ | ਗੱਲਬਾਤ ਦੌਰਾਨ ਸੋਨਮ ਨੇ ਕਿਹਾ ਕਿ ਇਹ ਮੇਰੇ ਜੀਵਨ ਦਾ ਪਹਿਲਾ ਅਤੇ ਅਹਿਮ ਮੌਕਾ ਹੈ ਜਿਸ ਨਾਲ ਉਸ ਦੇ ਆਤਮਵਿਸ਼ਵਾਸ ਅਤੇ ਹਿੰਮਤ ਨੂੰ ਵੱਡਾ ਬਲ ਮਿਲਿਆ ਹੈ | ਸੋਨਮ ਆਪਣੇ ਪਿੰਡ, ਸੰਗਰੂਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਕਰਨਾ ਚਾਹੁੰਦੀ ਹੈ | ਉਸ ਦਾ ਇਹ ਵੀ ਕਹਿਣਾ ਹੈ ਕਿ ਇਹ ਮੁਕਾਬਲਾ ਸਿਰਫ਼ ਗਲੈਮਰ ਦਾ ਮੰਚ ਨਹੀਂ ਬਲਕਿ ਔਰਤਾਂ ਨੂੰ ਸਮਾਜਕ ਪੱਧਰ ਉੱਤੇ ਮਜ਼ਬੂਤ ਬਣਾਉਣ ਦਾ ਇੱਕ ਸਾਧਨ ਵੀ ਹੈ | ਪਿੰਡ ਬਡਰੁੱਖਾ ਦੀ ਇੱਕ ਮਹਿਲਾ ਦਾ ਕੌਮੀ ਪੱਧਰ ਦੇ ਇਸ ਮੁਕਾਬਲੇ ਤੱਕ ਪਹੁੰਚਣਾ ਅਤੇ ਫ਼ਸਟ ਰਨਰ ਅੱਪ ਚੁਣੇ ਜਾਣ ਤੱਕ ਦਾ ਸਫ਼ਰ ਸੋਨਮ ਦੀ ਮਿਹਨਤ, ਹਿੰਮਤ ਦੀ ਪੁਖ਼ਤਾ ਉਦਾਹਰਨ ਹੈ | ਸੋਨਮ ਤੋਂ ਹੋਰ ਲੜਕੀਆਂ ਨੂੰ ਸੇਧ ਮਿਲਣਾ ਨਿਸ਼ਚਤ ਹੈ |