26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਡੀ.ਏ.ਪੀ. ਖਾਦ ਦੀ ਕਾਣੀ-ਵੰਡ ਨੂੰ ਲੈ ਕੇ ਸਹਿਕਾਰਤਾ ਆਗੂਆਂ ਨੇ ਖੋਲਿ੍ਹਆ ਮੋਰਚਾ

Ad Position 21
No active advertisement
ਅਜੀਤ ਡੈਸਕ 26-09-2025
ਮਲੇਰਕੋਟਲਾ, 25 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪਿਛਲੇ ਦਿਨਾਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸਹਿਕਾਰੀ ਸਭਾਵਾਂ ਨੂੰ ਦਿੱਤੀ ਜਾਂਦੀ ਡੀ.ਏ.ਪੀ. ਖਾਦ ਦੀ ਕਾਣੀ-ਵੰਡ ਨੂੰ ਲੈ ਕੇ ਪਿਆ ਰੇੜ੍ਹਕਾ ਆਏ ਦਿਨ ਅਮਰਵੇਲ ਦੀ ਤਰ੍ਹਾਂ ਵੱਧ ਰਿਹਾ ਹੈ | ਬੀਤੇ ਦਿਨੀਂ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਦਰਬਾਰ ਵੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਮਸਲੇ ਸਬੰਧੀ ਮੀਟਿੰਗ ਵੀ ਕੀਤੀ ਗਈ | ਹੁਣ ਡੀ.ਏ.ਪੀ. ਖਾਦ ਦੀ ਵੰਡ ਨੂੰ ਲੈ ਕੇ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਜ਼ਿਲ੍ਹਾ ਮਲੇਰਕੋਟਲਾ ਦੇ ਸਹਿਕਾਰਤਾ ਲਹਿਰ ਨਾਲ ਸੰਬੰਧਿਤ ਉੱਘੇ ਕਿਸਾਨ ਆਗੂਆਂ ਹਾਊਸਫੈੱਡ ਦੇ ਚੇਅਰਮੈਨ ਪ੍ਰਦੁਮਣ ਸਿੰਘ ਸਿੱਧੂ ਦਲੇਲਗੜ੍ਹ, ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਗੁਰਦੇਵ ਸਿੰਘ ਸੰਗਾਲਾ ਅਤੇ ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ ਨੇ ਆਖਿਆ ਕਿ ਮਾਰਕਫੈੱਡ ਅਦਾਰੇ ਵਲੋਂ ਸਹਿਕਾਰੀ ਸਭਾਵਾਂ ਨੂੰ 75 ਫ਼ੀਸਦੀ ਡੀ.ਏ.ਪੀ. ਖਾਦ ਦੀ ਸਪਲਾਈ ਪੂਰੇ ਸੀਜ਼ਨ ਦੌਰਾਨ ਪਹਿਲ ਦੇ ਆਧਾਰ 'ਤੇ ਕਰਨੀ ਹੁੰਦੀ ਹੈ | ਇਸੇ ਤਰ੍ਹਾਂ ਇਫ਼ਕੋ ਅਦਾਰੇ ਵਲੋਂ 25 ਫ਼ੀਸਦੀ ਖਾਦ ਸਹਿਕਾਰੀ ਸਭਾਵਾਂ ਨੂੰ ਭੇਜੀ ਜਾਂਦੀ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਇੱਥੇ ਤਾਂ 'ਉਲਟੀ ਗੰਗਾ' ਵਹਿ ਰਹੀ ਹੈ | ਜ਼ਿਲ੍ਹੇ ਦੀਆਂ ਕਈ ਸਹਿਕਾਰੀ ਸਭਾਵਾਂ ਖ਼ਾਲੀ ਪਈਆਂ ਹਨ ਪਰ ਕਈ 'ਖ਼ਾਸ ਦੁਕਾਨਦਾਰਾਂ' ਦੇ ਗੋਦਾਮ ਭਰੇ ਪਏ ਹਨ | ਕੁੱਝ ਸਹਿਕਾਰੀ ਸਭਾਵਾਂ ਵਿਚ ਜੋ ਖਾਦ ਪਿਛਲੇ ਸਮੇਂ ਆਈ ਸੀ ਉਹ ਬਹੁਤ ਘੱਟ ਹੈ ਅਤੇ ਕਈ ਸਭਾਵਾਂ ਵਿਚ ਵੱਡੀ ਮਾਤਰਾ 'ਚ ਖਾਦ ਕਿੱਥੋਂ ਆ ਗਈ | ਕਿਸਾਨ ਆਗੂਆਂ ਨੇ ਤਰਕ ਦਿੱਤਾ ਕਿ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨ੍ਹਾਂ ਖਾਦ ਅਦਾਰਿਆਂ ਅਤੇ ਸਭਾਵਾਂ ਦੇ ਸਕੱਤਰਾਂ ਤੋਂ ਨਵੀਆਂ, ਪੁਰਾਣੀਆਂ ਲਿਸਟਾਂ ਮੰਗਵਾ ਕੇ ਜਾਂਚ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵੀ ਖਾਦ ਸਬੰਧੀ ਵੱਡੇ ਪੱਧਰ 'ਤੇ ਰੌਲ਼ਾ-ਰੱਪਾ ਪੈਂਦਾ ਰਿਹਾ ਸੀ | ਕਿਸਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਲੱਗਦੇ ਜ਼ਿਲ੍ਹਾ ਮਲੇਰਕੋਟਲਾ ਦੀਆਂ ਸਹਿਕਾਰੀ ਸਭਾਵਾਂ ਦੇ ਹਿੱਸੇ ਦੀ ਖਾਦ ਹੋਰਨਾਂ ਜ਼ਿਲਿ੍ਹਆਂ ਤੇ ਨਿੱਜੀ ਦੁਕਾਨਦਾਰਾਂ ਨੂੰ ਦਿੱਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਭਾਰਤ ਦੇ ਖੇਤੀ ਮੰਤਰੀ ਦੀ ਚਿੱਠੀ ਦੇ ਬਾਵਜੂਦ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੀ ਵੰਡ ਵੇਲੇ ਹੋਰ ਸਾਮਾਨ ਦੀ ਟੈਗਿੰਗ ਕੀਤੀ ਜਾ ਰਹੀ ਹੈ ਜੋ ਸਰਕਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੈ | ਜਦ ਇਸ ਸੰਬੰਧੀ ਖਾਦ ਅਦਾਰੇ ਇਫ਼ਕੋ ਦੇ ਵਿਸ਼ਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫ਼ੋਨ ਚੁੱਕਣਾ ਵੀ ਮੁਨਾਸਬ ਨਾ ਸਮਝਿਆ | ਮਾਰਕਫੈੱਡ ਦੇ ਅਧਿਕਾਰੀਆਂ ਕਹਿਣਾ ਸੀ ਉਨ੍ਹਾਂ ਵਲੋਂ ਤਾਂ ਪੂਰੇ ਪਾਰਦਰਸ਼ੀ ਢੰਗ ਨਾਲ ਖਾਦ ਦੀ ਵੰਡ ਕੀਤੀ ਜਾਂਦੀ ਹੈ, ਕਿਤੇ ਵੀ ਕੋਈ ਕੁਤਾਹੀ ਨਹੀਂ ਹੋ ਰਹੀ, ਖਾਦ ਸਭਾਵਾਂ ਨੂੰ ਜਾ ਰਹੀ ਹੈ ਅਤੇ ਕੁੱਝ ਸਭਾਵਾਂ ਨਾਲ ਲੈਣ-ਦੇਣ ਕਰ ਕੇ ਸਮੱਸਿਆ ਹੈ | ਖਾਦ ਦੀ ਵੰਡ ਸੰਬੰਧੀ ਬਕਾਇਦਾ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਆਖਿਆ ਗਿਆ ਹੈ ਕਿ ਕਿਸਾਨਾਂ ਨੂੰ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਦਾ ਸਵਾਲ ਤਾਂ ਇਹ ਹੈ ਕਿ ਜੇਕਰ ਸਭ ਕੁੱਝ ਠੀਕ-ਠਾਕ ਚੱਲ ਰਿਹਾ ਹੈ ਤਾਂ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਅੰਦਰ ਬਣਦੇ ਹਿੱਸੇ ਦੀ ਖਾਦ ਪਹਿਲ ਦੇ ਆਧਾਰ 'ਤੇ ਕਿਉਂ ਨਹੀਂ ਆ ਰਹੀ ਅਤੇ ਕਿਸਾਨਾਂ ਨੂੰ ਆਲੂ ਬੀਜਣ ਦੇ ਲਈ ਖਾਦ ਮੁਹੱਈਆ ਕਿਉਂ ਨਹੀਂ ਕਰਵਾਈ ਜਾ ਰਹੀ | ਇਸ ਸਬੰਧੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਸਭਾਵਾਂ ਦੇ ਹਾਲਾਤ ਕੀ ਹਨ | ਅਫ਼ਸਰਸ਼ਾਹੀ ਵਲੋਂ ਦਫ਼ਤਰਾਂ ਵਿਚ ਬੈਠ ਕੇ ਖਾਦ ਸਬੰਧੀ ਮਸਲੇ ਹੱਲ ਨਹੀਂ ਹੋਣੇ, ਜ਼ਮੀਨ 'ਤੇ ਉੱਤਰਨਾ ਪੈਣਾ ਹੈ | ਇਸ ਸਾਰੇ ਮਾਮਲੇ ਦੀ ਡੁੰਘਾਈ ਨਾਲ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਇਸ ਵਿਚੋਂ ਬਹੁਤ ਕੁੱਝ ਨਿਕਲ ਸਕਦਾ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਸਹਿਕਾਰੀ ਸਭਾਵਾਂ ਅੰਦਰ ਉਨ੍ਹਾਂ ਦੇ ਬਣਦੇ ਹਿੱਸੇ ਦੀ ਖਾਦ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਉਹ ਇਸ ਅਹਿਮ ਮਸਲੇ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ | ਇਸ ਮੌਕੇ ਨਿਰਭੈ ਸਿੰਘ ਤੇ ਸੀਨੀਅਰ ਆਗੂ ਜੁਗਰਾਜ ਸਿੰਘ ਸਲਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਗਰੂਰ, ਲੁਧਿਆਣਾ, ਮਲੇਰਕੋਟਲਾ ਅਤੇ ਪਟਿਆਲਾ 'ਚ ਸਰਗਰਮ ਚੋਰ ਗਰੋਹਾਂ ਦੇ 7 ਮੈਂਬਰ ਕਾਬੂ ਅਗਲੀ ਖ਼ਬਰ ਪੀੜਤ ਸੱਸਾਂ ਦੀ ਫ਼ਰਿਆਦ ਪਹਿਲ ਦੇ ਆਧਾਰ ਉੱਤੇ ਸੁਣਦਾ ਹੈ ਮਹਿਲਾ ਕਮਿਸ਼ਨ
Ad Position 24