ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ) - ਜੀ.ਐਸ.ਟੀ. ਦੇ ਨਵੇਂ ਸੁਧਾਰ ਸਬੰਧੀ ਅੱਜ ਭਾਜਪਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਹੇਠ ਭਾਜਪਾ ਦੇ ਸੰਗਰੂਰ ਜ਼ਿਲ੍ਹਾ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਆਯੋਜਿਤ ਕੀਤੀ ਗਈ | ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਨ ਲਈ ਅਰਵਿੰਦ ਖੰਨਾ ਦੇ ਨਾਲ ਭਾਜਪਾ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾਂ ਤੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਦੁੱਲਟ ਵਿਸ਼ੇਸ਼ ਤੌਰ ਉੱਤੇ ਪਹੁੰਚੇ | ਜ਼ਿਲ੍ਹਾ ਪ੍ਰਧਾਨ ਦੁੱਲਟ ਵੱਲੋਂ ਬਿਕਰਮਜੀਤ ਸਿੰਘ ਚੀਮਾ ਅਤੇ ਅਰਵਿੰਦ ਖੰਨਾ ਦਾ ਸਵਾਗਤ ਕੀਤਾ | ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਅਤੇ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਪੀ.ਐੱਮ.ਮੋਦੀ ਦੀ ਅਗਵਾਈ 'ਚ ਦੇਸ਼ ਅੰਦਰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਸੁਧਾਰ ਅਤੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਤੋਂ ਪਹਿਲਾਂ ਦੇਸ਼ 'ਚ ਟੈਕਸਾਂ ਦਾ ਮੱਕੜ-ਜਾਲ ਸੀ ਅਤੇ 100 ਤਰ੍ਹਾਂ ਦੇ ਟੈਕਸਾਂ ਦਾ ਭੁਗਤਾਨ ਦੇਸ਼ ਵਾਸੀਆਂ ਨੂੰ ਕਰਨਾ ਪੈਂਦਾ ਸੀ, ਵਪਾਰੀਆਂ ਅਤੇ ਆਮ ਜਨਤਾ ਦੀਆਂ ਮੁਸ਼ਕਲਾਂ ਦਾ ਹੱਲ ਅਤੇ ਟੈਕਸਾਂ ਦੇ ਬੋਝ ਨੂੰ ਘੱਟ ਕਰਨ ਦੇ ਮੰਤਵ ਨਾਲ ਕੇਂਦਰ ਸਰਕਾਰ ਵੱਲੋਂ ਜੀ.ਐੱਸ.ਟੀ. ਲਾਗੂ ਕੀਤਾ ਗਿਆ ਜਿਸ ਨਾਲ ਜਨਤਾ ਅਤੇ ਵਪਾਰੀਆਂ ਨੂੰ ਟੈਕਸਾਂ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਪੁਲਾਂਘ ਹੋਰ ਅੱਗੇ ਪੱਟਦਿਆਂ ਜੀ.ਐੱਸ.ਟੀ. 'ਚ ਨਵੇਂ ਸੁਧਾਰ ਕਰ ਕੇ ਦੇਸ਼ ਦੀ ਜਨਤਾ ਨੂੰ ਵਾਧੂ ਟੈਕਸਾਂ ਅਤੇ ਝੰਜਟਾਂ ਤੋਂ ਮੁਕਤੀ ਦਿੱਤੀ ਗਈ ਹੈ ਅਤੇ ਪੂਰਾ ਦੇਸ਼ ਇਸ ਵਾਰ ਦੇ ਤਿਉਹਾਰੀਂ ਸੀਜ਼ਨ ਦੌਰਾਨ ਮਹਾਂ ਬੱਚਤ ਉਤਸਵ ਮਨਾ ਰਿਹਾ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਪੀ.ਐੱਮ. ਮੋਦੀ ਦੀ ਅਗਵਾਈ ਹੇਠ ਕੇਂਦਰ ਵੱਲੋਂ ਜੀ.ਐੱਸ.ਟੀ. ਦਰਾਂ ਦੀ ਕੀਤੀ ਗਈ ਕਟੌਤੀ ਨਾਲ ਦੇਸ਼ ਦੇ ਹਰ ਤਬਕੇ ਨੂੰ ਸਿੱਧਾ ਫਾਇਦਾ ਪਹੁੰਚਿਆ ਹੈ | ਕਿਸਾਨ,ਮਜ਼ਦੂਰ, ਵਪਾਰੀ ਸਾਰਿਆਂ ਨੂੰ ਇਸਦਾ ਲਾਭ ਮਿਲ ਰਿਹਾ ਹੈ | ਨਵੇਂ ਸੁਧਾਰਾਂ ਨਾਲ ਜਿੱਥੇ ਖੇਤੀ ਮਸ਼ੀਨਰੀ ਸਸਤੀ ਹੋਵੇਗੀ ਉੱਥੇ ਬਹੁਤ ਸਾਰੀਆਂ ਖਾਦਾਂ, ਕੀਟਨਾਸ਼ਕਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਸਾਹਮਣੇ ਆਈ ਹੈ | ਜਿਸ ਨਾਲ ਖੇਤੀ ਲਾਗਤ ਘੱਟੇਗੀ ਅਤੇ ਕਿਸਾਨਾਂ ਦੀ ਆਮਦਨ ਵਧੇਗੀ | ਉਨ੍ਹਾਂ ਕਿਹਾ ਕਿ ਜ਼ੇਕਰ ਪੰਜਾਬ ਸਰਕਾਰ ਵੀ ਸੱਚਮੁੱਚ ਆਮ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੀ ਹੈ ਤਾਂ ਸੂਬਾ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਲਗਾਏ ਜਾਂਦੇ ਟੈਕਸ ਵਿੱਚੋ ਛੋਟ ਦੇ ਕੇ ਪੰਜਾਬ ਦੇ ਰੇਟ ਚੰਡੀਗੜ੍ਹ ਦੇ ਬਰਾਬਰ ਕੀਤੇ ਜਾਣ | ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਨੇ ਕਿਹਾ ਕਿ ਭਾਜਪਾ ਦੇ ਇਨ੍ਹਾਂ ਸੁਧਾਰਾਂ ਨਾਲ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਨਵੇਂ ਮੌਕੇ ਅਤੇ ਭਾਰੀ ਨਿਵੇਸ਼ ਵੀ ਦੇਸ਼ ਅੰਦਰ ਆਵੇਗਾ | ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਦੇ ਨਵੇਂ ਸੁਧਾਰਾਂ ਦਾ ਹਾਲੇ ਹੋਰ ਜਿਆਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਚੀਜਾਂ ਹੋਰ ਸਸਤੀਆਂ ਹੋਣਗੀਆਂ | ਇਸ ਮੌਕੇ ਐਡਵੋਕੇਟ ਲਲਿਤ ਗਰਗ, ਜੋਗੀ ਰਾਮ ਸਾਹਨੀ, ਸੁਨੀਲ ਗੋਇਲ ਡਿੰਪਲ, ਮਨਿੰਦਰ ਸਿੰਘ ਕਪਿਆਲ, ਸਰਜੀਵਨ ਜਿੰਦਲ, ਮਾਸਟਰ ਸੁਰਿੰਦਰ ਸ਼ਰਮਾ, ਅਮਰਿੰਦਰ ਸਿੰਘ ਗੋਲਡੀ, ਮੰਜੂਲਾ ਸ਼ਰਮਾ ਆਦਿ ਮੌਜੂਦ ਸਨ |