ਮਲੇਰਕੋਟਲਾ, 25 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੇਰਕੋਟਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਮੰਡਲ ਪ੍ਰਧਾਨ ਜਰਨੈਲ ਸਿੰਘ ਪੰਜਗਰਾਈਆਂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਦਫ਼ਤਰ ਗਰਿੱਡ ਮਲੇਰਕੋਟਲਾ ਵਿਖੇ ਹੋਈ | ਉਪਰੋਕਤ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਭੱਟੀਆਂ ਪੈੱ੍ਰਸ ਸਕੱਤਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪਿਛਲੇ ਸਮੇਂ ਵਿਚ ਪੈਨਸ਼ਨਰਜ਼/ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੜ੍ਹਾਂ ਦੌਰਾਨ ਮਾਰੇ ਗਏ ਪਰਿਵਾਰਾਂ ਸਬੰਧੀ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਵਿਚ ਸਰਕਲ ਪ੍ਰਧਾਨ ਪਿਆਰਾ ਲਾਲ ਵਲੋਂ ਸਰਕਲ ਕਮੇਟੀ ਦੀ ਮੀਟਿੰਗ ਵਿਚ ਹੋਏ ਫ਼ੈਸਲਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਜਿਸ ਵਿਚ ਦੱਸਿਆ ਗਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਟਾਲ ਮਟੋਲ ਕਰ ਕੇ ਵਕਤ ਗੁਜ਼ਾਰ ਰਹੀ ਹੈ | ਮੀਟਿੰਗ ਵਿਚ ਸੂਬਾ ਕਮੇਟੀ ਵਲੋਂ ਪਾਵਰਕਾਮ ਮੈਨੇਜਮੈਂਟ ਦੇ ਖ਼ਿਲਾਫ਼ ਉਲੀਕੇ ਪ੍ਰੋਗਰਾਮ ਦੇ ਤਹਿਤ ਪਹਿਲਾਂ ਹੀ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾ ਫ਼ੈਸਲਾ ਕੀਤਾ ਹੈ ਗਿਆ ਹੈ, ਜਿਸ ਵਿਚ ਸਰਕਲ ਬਰਨਾਲਾ ਦਾ ਧਰਨਾ ਜੋ ਨਿਗਰਾਨ ਇੰਜੀਨੀਅਰ ਵੰਡ ਹਲਕਾ ਬਰਨਾਲਾ ਦੇ ਦਫ਼ਤਰ ਅੱਗੇ 6 ਅਕਤੂਬਰ ਨੂੰ ਲਾਇਆ ਜਾਵੇਗਾ, ਜਿਸ ਵਿਚ ਮੰਡਲ ਦੇ ਸੈਂਕੜੇ ਪੈਨਸ਼ਨਰਜ਼ 2 ਸਪੈਸ਼ਲ ਬੱਸਾਂ ਰਾਹੀਂ ਪਹੁੰਚ ਕੇ ਧਰਨੇ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਵਲੋਂ ਉਲੀਕੇ ਪ੍ਰੋਗਰਾਮ ਦੇ ਅਨੁਸਾਰ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਵਿਖੇ 11 ਅਕਤੂਬਰ ਨੂੰ ਹੋ ਰਹੇ ਪੰਜਾਬ ਪੱਧਰੀ ਇਕੱਠ ਵਿਚ ਵੀ ਇਸ ਦਫ਼ਤਰ ਦੇ ਪੈਨਸ਼ਨਰਜ਼ ਵਲੋਂ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਆਮ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਇਸ ਜੱਥੇਬੰਦੇ ਵਲੋਂ ਮੰਡਲ ਕਮੇਟੀ ਬਣਾ ਕੇ ਵੱਧ ਤੋਂ ਵੱਧ ਫੰਡ ਇਕੱਠਾ ਕਰ ਕੇ ਹੜ੍ਹ ਪੀੜਿਤ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਪਰਮਜੀਤ ਸ਼ਰਮਾ ਸਕੱਤਰ, ਰਤਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਸ਼ੀਰ ਉਲ ਹੱਕ, ਇਕਬਾਲ ਸਿੰਘ ਫਰਵਾਲੀ, ਬਲਵੀਰ ਸਿੰਘ, ਕਰਨੈਲ ਸਿੰਘ ਭੱਟੀਆਂ, ਰਾਮ ਸਿੰਘ ਲਸੋਈ, ਹਰਬੰਸ ਲਾਲ, ਗੋਬਿੰਦ ਕਾਂਤ ਝਾਅ ਸਰਕਲ ਆਗੂ ਅਨਵਾਰ ਅਹਿਮਦ, ਹਰਮਿੰਦਰ ਭਾਰਦਵਾਜ, ਮਿਰਜ਼ਾ ਸਿੰਘ, ਦੇਵੀ ਦਿਆਲ, ਬਲਦੇਵ ਸਿੰਘ, ਅਵਿਨਾਸ਼ ਚੋਪੜਾ ਆਦਿ ਆਗੂ ਮੌਜੂਦ ਸਨ |