ਸੰਗਰੂਰ, 26 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸ਼੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦੇ ਹੋਏ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ਼ ਕਰ ਕੇ 551 ਗ੍ਰਾਮ ਚਿੱਟਾ/ਹੈਰੋਇਨ ਸਮੇਤ 11 ਲੱਖ ਰੁਪਏ ਡਰੱਗ ਮਨੀ ਅਤੇ ਪੈਸਿਆਂ ਦੀ ਗਿਣਤੀ ਵਾਲੀ ਮਸ਼ੀਨ ਬਰਾਮਦ ਕਰ ਕੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ | ਸ਼੍ਰੀ ਚਾਹਲ ਨੇ ਦੱਸਿਆ ਕਿ ਸ਼੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ਼੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣੇਦਾਰ ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਸੋਹੀਆਂ ਰੋਡ ਤੋਂ ਯਾਦਵਿੰਦਰ ਸਿੰਘ ਉਰਫ਼ ਸਨੀ ਵਾਸੀ ਗੁੱਜਰਾਂ ਥਾਣਾ ਦਿੜ੍ਹਬਾ ਅਤੇ ਉਸ ਦੇ ਸਾਥੀ ਬਾਰਾ ਸਿੰਘ ਵਾਸੀ ਖਨਾਲ ਕਲਾਂ ਥਾਣਾ ਦਿੜ੍ਹਬਾ ਨੂੰ ਸਮੇਤ ਮੋਟਰਸਾਈਕਲ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 51 ਗ੍ਰਾਮ ਚਿੱਟਾ/ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਦਫ਼ਾ 21, 29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਸੰਗਰੂਰ ਦਰਜ ਕੀਤਾ ਗਿਆ | ਸ੍ਰੀ ਚਹਿਲ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਲਜ਼ਮਾਂ ਦੀ ਪੁੱਛਗਿੱਛ ਦੇ ਅਧਾਰ 'ਤੇ ਮੁਕੱਦਮੇ ਵਿਚ ਕਰਮਜੀਤ ਕੌਰ ਵਾਸੀ ਪਿੰਡ ਨਰੂ, ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਜੰਡ ਪੀਰ ਕਲੋਨੀ ਕਿ੍ਸ਼ਨ ਇਨਕਲੇਵ, ਸ੍ਰੀ ਅੰਮਿ੍ਤਸਰ ਸਾਹਿਬ, ਥਾਣਾ ਛੇਹਰਟਾ ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਨਾਮਜ਼ਦ ਕਰਨ ਪਿੱਛੋਂ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ 500 ਗ੍ਰਾਮ ਹੈਰੋਇਨ/ਚਿੱਟਾ ਸਮੇਤ 11 ਲੱਖ ਰੁਪਏ ਡਰੱਗ ਮਨੀ ਅਤੇ ਪੈਸਿਆਂ ਦੀ ਗਿਣਤੀ ਕਰਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ, ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਕੇ ਚਿੱਟਾ ਸਪਲਾਈ ਦੇ ਪੂਰੇ ਨੈੱਟਵਰਕ ਦਾ ਪਤਾ ਲਗਾ ਕੇ ਇਸ ਵਿਚ ਸ਼ਾਮਲ ਵਿਅਕਤੀਆਂ ਨੂੰ ਜਲਦ ਗਿ੍ਫ਼ਤਾਰ ਕਰ ਕੇ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾਵੇਗੀ | ਮੁਲਜ਼ਮ ਯਾਦਵਿੰਦਰ ਸਿੰਘ ਉਰਫ਼ ਸਨੀ ਖ਼ਿਲਾਫ਼ 22,29/61/85 ਐਨ.ਡੀ.ਪੀ.ਐਸ ਐਕਟ ਥਾਣਾ ਭਵਾਨੀਗੜ੍ਹ ਅਤੇ ਮੁਲਜ਼ਮ ਬਾਰਾ ਸਿੰਘ ਵਾਸੀ ਖਨਾਲ ਕਲਾਂ ਥਾਣਾ ਦਿੜ੍ਹਬਾ 22,29/61/85 ਐਨ.ਡੀ.ਪੀ.ਐਸ ਐਕਟ ਥਾਣਾ ਦਿੜ੍ਹਬਾ ਵੀ ਦਰਜ ਹਨ |