ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ) - ਜੰਗਲਾਤ ਵਿਭਾਗ ਲਹਿਰਾਗਾਗਾ (ਸੰਗਰੂਰ) ਵਲੋਂ ਵਣ ਮਹਾਂਉਤਸਵ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ, ਖੋਖਰ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਤੌਰ 'ਤੇ ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ ਦੇ ਸਪੁੱਤਰ ਗੌਰਵ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ-ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ | ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਵਿਚ ਜੰਗਲਾਤ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ | ਪ੍ਰੰਤੂ ਜੇਕਰ ਨੌਜਵਾਨ-ਵਿਦਿਆਰਥੀ ਵਰਗ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਵੇ ਤਾਂ ਇਹ ਰਕਬਾ ਵਧਾਇਆ ਜਾ ਸਕਦਾ ਹੈ | ਇਸ ਮੌਕੇ ਜੰਗਲਾਤ ਵਿਭਾਗ ਲਹਿਰਾਗਾਗਾ ਦੇ ਰੇਂਜ ਅਫ਼ਸਰ ਮਹਿੰਦਰ ਪਾਲ ਸ਼ਰਮਾ, ਬਲਾਕ ਅਫ਼ਸਰ ਲਹਿਰਾਗਾਗਾ ਹਰਵਿੰਦਰ ਸਿੰਘ, ਬੀਟ ਇੰਚਾਰਜ ਅਜੈਬ ਸਿੰਘ ਫੌਜੀ, ਮੂਨਕ ਇੰਚਾਰਜ ਮੈਡਮ ਗੁਰਪ੍ਰੀਤ ਕੌਰ, ਬੀਟ ਇੰਚਾਰਜ ਛਾਹੜ ਮੈਡਮ ਰਮਨ ਕੌਰ, ਖਨੌਰੀ ਇੰਚਾਰਜ ਰੂਪ ਸਿੰਘ, ਦਿੜ੍ਹਬਾ ਇੰਚਾਰਜ ਮੈਡਮ ਸੁਰਜੀਤ ਕੌਰ ਨੇ ਮੁੱਖ ਤੌਰ 'ਤੇ ਸ਼ਮੂਲੀਅਤ ਕੀਤੀ | ਮਹਿੰਦਰਪਾਲ ਸ਼ਰਮਾ ਅਤੇ ਮੈਡਮ ਗੁਰਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਵਾਤਾਵਰਨ ਅਤੇ ਪੇੜ ਪੌਦਿਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੌਰਵ ਗੋਇਲ ਨੇ ਇਹ ਸੈਮੀਨਾਰ ਕਰਵਾਉਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਕਾਲਜ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ | ਇਸ ਮੌਕੇ ਕਾਲਜ ਦੇ ਵੱਖ ਵੱਖ ਵਿਦਿਆਰਥੀਆਂ ਨੇ ਰੁੱਖਾਂ ਦੀ ਮਹੱਤਤਾ ਬਾਰੇ ਭਾਸ਼ਣ, ਗੀਤ ਅਤੇ ਕਵਿਤਾ ਦਾ ਉਚਾਰਣ ਕੀਤਾ | ਜੰਗਲਾਤ ਵਿਭਾਗ ਦੇ ਅਫ਼ਸਰਾਂ ਵਲੋਂ ਵਿਦਿਆਰਥੀਆਂ ਦਾ ਅਤੇ ਕਾਲਜ ਸਟਾਫ਼ ਮੈਂਬਰਾਂ ਦਾ ਸਨਮਾਨ ਕੀਤਾ ਗਿਆ |