ਸੰਗਰੂਰ, 27 ਸਤੰਬਰ (ਪਸ਼ੌਰੀਆ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਦੋ ਦਿਨਾਂ ਕਿਸਾਨ ਮੇਲੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ 45 ਸਾਲਾ ਉੱਦਮੀ ਕਿਸਾਨ ਸੁਖਤਾਰ ਸਿੰਘ ਨੂੰ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਕਿ੍ਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸੁਖਤਾਰ ਸਿੰਘ ਨੇ ਬੱਕਰੀ ਪਾਲਣ, ਗੰਡੋਇਆ ਦੀ ਖਾਦ, ਜੈਵਿਕ ਖੇਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ, ਡੇਅਰੀ ਫਾਰਮਿੰਗ, ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ, ਸੂਰ ਪਾਲਣ ਆਦਿ ਦੀਆਂ ਸਿਖਲਾਈਆਂ ਕਿ੍ਸ਼ੀ ਵਿਗਿਆਨ ਕੇਂਦਰ ਅਤੇ ਹੋਰਨਾਂ ਅਦਾਰਿਆਂ ਤੋਂ ਪ੍ਰਾਪਤ ਕੀਤੀਆਂ ਹਨ | ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ 2017 ਵਿਚ 22 ਏਕੜ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਅਤੇ ਬਾਦਸਤੂਰ ਅੱਜ ਵੀ ਜਾਰੀ ਹੈ | ਪਾਣੀ ਦੀ ਸੰਭਾਲ ਲਈ ਇਸ ਕਿਸਾਨ ਵਲੋਂ ਆਪਣੇ ਖੇਤਾਂ ਨੂੰ ਲੇਜ਼ਰ ਲੈਵਲ ਕੀਤਾ ਜਾਂਦਾ ਹੈ | ਅਗਾਂਹ ਵਧੂ ਸੋਚ ਰੱਖਣ ਵਾਲੇ ਅਤੇ ਕੁਦਰਤੀ ਸੋਮਿਆਂ ਦੇ ਰਾਖੇ ਸੁਖਤਾਰ ਸਿੰਘ ਵਲੋਂ ਖੇਤਾਂ ਵਿਚ ਜ਼ਮੀਨਦੋਜ਼ ਪਾਈਪਾਂ ਵਿਛਾਇਆ ਹੋਈਆ ਹਨ | ਪਾਰਲੀ ਨੂੰ ਸੁਪਰਸੀਡਰ ਨਾਲ ਸੰਭਾਲਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ | ਇਸ ਉੱਦਮੀ ਕਿਸਾਨ ਵਲੋਂ ਘਰੇਲੂ ਖਪਤ ਲਈ ਡੇਢ ਏਕੜ ਜੈਵਿਕ ਖੇਤੀ ਮਾਡਲ ਵੀ ਤਿਆਰ ਕੀਤਾ ਗਿਆ ਹੈ | ਇਸ ਵਲੋਂ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਡੇਅਰੀ ਫਾਰਮਿੰਗ, ਮਧੂ ਮੱਖੀ ਪਾਲਣ ਅਤੇ ਪੋਲਟਰੀ ਆਦਿ ਸਹਾਇਕ ਧੰਦਿਆਂ ਨੂੰ ਅਪਣਾਇਆ ਹੋਇਆ ਹੈ | ਸਾਇੰਟੇਫਿਕ ਅਵੇਅਰਨੈੱਸ ਫੋਰਸ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਨੇ ਇਸ ਉੱਦਮੀ ਕਿਸਾਨ ਨੂੰ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦਾ ਹੈ |