ਸੰਗਰੂਰ, 28 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਕਿਸਾਨ ਮੇਲੇ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਉੱਦਮੀ ਕਿਸਾਨ ਅੰਮਿ੍ਤਪਾਲ ਸਿੰਘ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਪਿੰਡ ਦੌਲਾ ਸਿੰਘ ਵਾਲਾ ਨੇ ਇਸ ਉੱਦਮੀ ਕਿਸਾਨ ਨੇ ਪਸੂ ਪਾਲਣ ਅਤੇ ਦੁੱਧ ਉਤਪਾਦ ਤਿਆਰ ਕਰਨ ਦੇ ਕਾਰੋਬਾਰ ਨੂੰ ਜੋੜ ਕੇ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਵਿਸ਼ੇਸ਼ ਕਾਮਯਾਬੀ ਹਾਸਲ ਕੀਤਾ ਹੈ | ਉਸ ਨੇ ਬੀ.ਐਡ. ਅਤੇ ਬੀ.ਟੈੱਕ ਦੀ ਉਚੇਰੀ ਵਿਦਿਆ ਹਾਸਲ ਕਰਨ ਉਪਰੰਤ ਸਕੂਲ ਵਿਚ ਗਣਿਤ ਦੇ ਅਧਿਆਪਕ ਵਜੋਂ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ | ਸੰਨ 2023 ਵਿਚ ਪੰਜਾਬ ਡੇਅਰੀ ਵਿਕਾਸ ਬੋਰਡ ਅਤੇ ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਪਸਾਰ ਸਿਖਲਾਈ ਸੰਸਥਾ ਤੋਂ ਡੇਅਰੀ ਫਾਰਮਿੰਗ ਦੀ ਸਿਖਲਾਈ ਲਈ ਅਤੇ ਦੁੱਧ ਤੋਂ ਉਤਪਾਦ ਤਿਆਰ ਕਰਨ ਕਿੱਤਾ ਸ਼ੁਰੂ ਕਰ ਦਿੱਤਾ | ਪਨੀਰ, ਖੋਆ, ਘਿਓ, ਦਹੀ ਅਤੇ ਲੱਸੀ ਤੋਂ ਇਲਾਵਾ ਬਰਫ਼ੀ, ਪਿੰਨੀ, ਮਿਲਕ ਬਦਾਮ ਅਤੇ ਗਾਜਰਪਾਕ ਆਦਿ ਮਿਆਰੀ ਉਤਪਾਦਾਂ ਨੂੰ ਸੁਨਾਮ ਅਤੇ ਆਸਪਾਸ ਦੇ ਇਲਾਕਿਆਂ ਵਿਚ ਪਹੁੰਚਾਉਣ ਲਈ ਇੱਕ ਖ਼ਾਸ ਵਾਹਨ ਦਾ ਪ੍ਰਬੰਧ ਕੀਤਾ ਹੋਇਆ ਹੈ | ਮਿਠਾਸ ਲਈ ਚੀਨੀ ਨਹੀਂ ਬਲਕਿ ਦੇਸੀ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ | ਕਿ੍ਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ ) ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਿਸਾਨ ਨੇ ਸੰਨ 2024 ਅਤੇ 2025 ਵਿਚ ਪੀ.ਡੀ.ਐਫ.ਏ ਵਲੋਂ ਕਰਵਾਏ ਪਸ਼ੂ ਮੁਕਾਬਲਿਆਂ ਵਿਚ ਨੀਲੀ ਰਾਵੀ ਨਸਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ. ਇਸ ਇਲਾਵਾ ਵੱਖ-ਵੱਖ ਮੁਕਾਬਲਿਆਂ ਵਿਚ ਅੰਮਿ੍ਤਪਾਲ ਸਿੰਘ ਲਗਾਤਾਰ ਪੁਰਸਕਾਰ ਜਿੱਤ ਰਿਹਾ ਹੈ | ਅੰਮਿ੍ਤਪਾਲ ਸਿੰਘ ਨੂੰ ਪੁਰਸਕਾਰ ਮਿਲਣ ਤੇ ਮੁਬਾਰਕਬਾਦ ਦਿੰਦਿਆਂ ਉੱਦਮੀ ਐਫ.ਪੀ.ਓ. ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਕਿਸਾਨ, ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ, ਮੰਡੀ ਵਿਚ ਸ਼ੁੱਧਤਾ ਦੀ ਕਦਰ ਹੈ |