ਸੰਗਰੂਰ, 28 ਸਤੰਬਰ (ਧੀਰਜ ਪਸ਼ੌਰੀਆ) - ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵਿਅਕਤੀ ਵਿਸ਼ੇਸ਼ ਵਲੋਂ ਕੀਤਾ ਗਿਆ ਕੋਈ ਵੀ ਅਣਮਨੁੱਖੀ ਕਾਰਾ ਉਸ ਵਿਅਕਤੀ ਦੇ ਸਮੁੱਚੇ ਭਾਈਚਾਰੇ ਦਾ ਦੋਸ਼ ਨਹੀਂ ਮੰਨਿਆ ਜਾਣਾ ਚਾਹੀਦਾ | ਜਿਸ ਵਿਅਕਤੀ ਨੇ ਕਿਸੇ ਵੀ ਤਰ੍ਹਾਂ ਦਾ ਅਪਰਾਧ ਕੀਤਾ ਹੈ, ਕਾਨੂੰਨ ਮੁਤਾਬਿਕ ਬਣਦੀ ਸਜ਼ਾ ਉਸੇ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ, ਇਹ ਘਟਨਾ ਭਾਵੇਂ ਸਾਡੇ ਮੁਲਕ ਵਿਚ ਹੋਵੇ, ਭਾਵੇਂ ਵਿਦੇਸ਼ ਵਿਚ | ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਹੀ ਵਿਗੜੀ ਜਾਂ ਅਸੰਤੁਲਿਤ ਮਾਨਸਿਕਤਾ ਵਾਲੇ ਵਿਅਕਤੀਆਂ ਦੁਆਰਾ ਅੰਜਾਮ ਦਿੱਤੀਆਂ ਜਾਂਦੀਆਂ ਹਨ, ਜਿਸ ਲਈ ਉਸ ਵਿਅਕਤੀ ਦੇ ਪਰਿਵਾਰ, ਪਿੰਡ, ਸੂਬੇ, ਜਾਂ ਸਮਾਜਿਕ/ਧਾਰਮਿਕ ਭਾਈਚਾਰੇ ਨੂੰ ਦੋਸ਼ੀ ਠਹਿਰਾ ਕੇ ਗੈਰ ਜ਼ਿੰਮੇਵਾਰ ਬਿਆਨ-ਬਾਜ਼ੀ ਕਰਨਾ ਸਮਝਦਾਰੀ ਨਹੀਂ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਸ਼ੇਰਪੁਰ ਮਹਿੰਦਰ ਸਿੰਘ ਭੱਠਲ ਅਤੇ ਸੰਦੀਪ ਸਿੰਘ ਨੇ ਕਰਦਿਆਂ ਕਿਹਾ ਕਿ ਮਾਸੂਮ ਬੱਚੇ ਦਾ ਕਤਲ ਇਕ ਬਹੁਤ ਹੀ ਦੁਖਦਾਇਕ ਅਤੇ ਮੰਦਭਾਗੀ ਘਟਨਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਵਿਚ ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ, ਉੱਥੇ ਕੁਝ ਸੰਕੀਰਨ ਸੋਚ ਦੇ ਵਿਅਕਤੀਆਂ/ਗਰੁੱਪਾਂ ਵਲੋਂ ਇਸ ਘਟਨਾ ਦੇ ਬਹਾਨੇ ਪੂਰੇ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਨਫ਼ਰਤੀ ਮੁਹਿੰਮ ਵਿੱਢ ਦਿੱਤੀ ਹੈ | ਦਰਅਸਲ ਪੰਜਾਬ ਵਿਚ ਆਏ ਹੜ੍ਹਾਂ ਨਾਲ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਭਾਈ ਕਰਨ ਵਿਚ ਅਸਫ਼ਲ ਪੰਜਾਬ ਅਤੇ ਕੇਂਦਰ ਸਰਕਾਰਾਂ ਅਜਿਹੀ ਮੁਹਿੰਮ ਦੀ ਪਿੱਠ ਠੋਕ ਰਹੀਆਂ ਹਨ, ਤਾਂ ਕਿ ਉਹ ਆਪਣੀ ਹੜ੍ਹਾਂ ਦੀ ਮਾੜੀ ਕਾਰਗੁਜ਼ਾਰੀ 'ਤੇ ਪਰਦਾ ਪਾ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਸਮੇਤ ਦੂਜੇ ਸੂਬਿਆਂ ਤੋਂ ਆਏ ਹਰ ਵਿਅਕਤੀ ਦਾ ਬਿਓਰਾ ਆਪਣੇ ਕੋਲ ਰੱਖਣ, ਤਾਂ ਕਿ ਅਪਰਾਧੀ ਤੱਤਾਂ ਨੂੰ ਅਗਾਊਾ ਨੱਥ ਪਾਈ ਜਾ ਸਕੇ |