ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਟਰੈਫਿਕ ਇੰਚਾਰਜ ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਨੇ ਨਾਕਾਬੰਦੀ ਦੌਰਾਨ ਬਗੈਰ ਹੈਲਮਟ ਪਹਿਨੇ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੀ ਬਜਾਇ ਉਨ੍ਹਾਂ ਨੂੰ ਪੌਦੇ ਵੰਡ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਵੱਖਰਾ ਸੁਨੇਹਾ ਵੀ ਦਿੱਤਾ | 'ਅਨੂ ਗਰੀਨ ਵਿਯ ਨਰਸਰੀ' ਜੋ ਸੰਗਰੂਰ ਧੂਰੀ ਸੜਕ ਉੱਤੇ ਸਥਿਤ ਹੈ ਵਿਖੇ ਦੋ ਪਹੀਆ ਚਾਲਕ ਜਿਨ੍ਹਾਂ ਨੇ ਹੈਲਮਟ ਨਹੀਂ ਪਹਿਨੇ ਸਨ, ਨੂੰ ਪਹਿਲਾਂ ਪਵਨ ਕੁਮਾਰ ਸ਼ਰਮਾ ਨੇ ਟਰੈਫਿਕ ਨਿਯਮਾ ਦਾ ਪਾਠ ਪੜ੍ਹਾਇਆ ਫਿਰ ਚਿਵਾਵਨੀ ਦਿੰਦਿਆਂ ਉਨ੍ਹਾਂ ਨੂੰ ਪੌਦੇ ਵੀ ਵੰਡੇ ਤਾਂ ਜੋ ਉਨ੍ਹਾਂ ਵਲੋਂ ਆਪਣੇ ਘਰਾਂ ਵਿਚ ਲਗਾਏ ਜਾਣ ਵਾਲੇ ਪੌਦੇ ਇਹ ਯਾਦ ਦਿਵਾਉਣ ਕਿ ਘਰੋਂ ਚੱਲਣ ਲੱਗਿਆਂ ਉਹ ਹੈਲਮਟ ਜ਼ਰੂਰ ਪਹਿਨਣ | ਇਸ ਦੇ ਨਾਲ ਹੀ ਉਨ੍ਹਾਂ ਸੰਗਰੂਰ ਦੇ ਸ਼ਹਿਰੀਆਂ ਨੂੰ ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਬਣਾਏ ਰੱਖਣ ਲਈ ਸਹਿਯੋਗ ਦੇਣ ਲਈ ਕਿਹਾ | ਇਸ ਮੌਕੇ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਰਾਮ ਪ੍ਰਤਾਪ, ਸੁਖਦੀਪ ਸਿੰਘ ਮੌਜੂਦ ਸਨ |