ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ
ਅਜੀਤ ਡੈਸਕ
29-09-2025
ਮਸਤੂਆਣਾ ਸਾਹਿਬ, 28 ਸਤੰਬਰ (ਦਮਦਮੀ) - ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਪਿ੍ੰਸੀਪਲ ਡਾਕਟਰ ਗੀਤਾ ਠਾਕਰ ਅਤੇ ਅਬਜ਼ਰਵਰ ਡਾਕਟਰ ਪਿ੍ੰਸਪ੍ਰੀਤ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਤਿੰਨ ਰੋਜ਼ਾ ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਹੋਏ ਸਖ਼ਤ ਮੁਕਾਬਲਿਆਂ ਦੌਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੇ ਜੌਹਰ ਵਿਖਾਉਂਦਿਆਂ ਪਹਿਲਾ-ਪਹਿਲਾ ਸਥਾਨ ਪ੍ਰਾਪਤ ਕਰਦਿਆਂ ਬਾਜੀ ਮਾਰੀ | ਇਸ ਬਾਸਕਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ ਇੰਟਰਨੈਸ਼ਨਲ ਬਾਸਕਟਬਾਲ ਖਿਡਾਰੀ ਐਸ.ਪੀ ਰਜੇਸ਼ ਕੁਮਾਰ ਛਿੱਬਰ ਬਰਨਾਲਾ ਅਤੇ ਸ਼ਾਮ ਦੇ ਸੈਸ਼ਨ ਦਾ ਉਦਘਾਟਨ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤਾ | ਜਦੋਂ ਕਿ ਪ੍ਰਧਾਨਗੀ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ ਨੇ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਡਾਕਟਰ ਜਤਿੰਦਰ ਦੇਵ ਸੰਗਰੂਰ, ਇੰਜੀਨੀਅਰ ਸੁਖਵਿੰਦਰ ਸਿੰਘ ਭੱਠਲ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਮੌਕੇ ਲੜਕੀਆਂ ਦੇ ਹੋਏ ਮੁਕਾਬਲਿਆਂ ਦੌਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀਆਂ ਲੜਕੀਆਂ ਨੇ ਸਰਕਾਰੀ ਕਾਲਜ ਰੋਪੜ ਨੂੰ 23 -00 ਨਾਲ ਹਰਾਇਆ | ਇਸੇ ਤਰ੍ਹਾਂ ਐਮ ਐਮ ਮੋਦੀ ਕਾਲਜ ਪਟਿਆਲਾ ਨੇ ਸਰਕਾਰੀ ਕਾਲਜ ਮਲੇਰਕੋਟਲਾ ਦੀ ਟੀਮ ਨੂੰ 26-08 ਦੇ ਫ਼ਰਕ ਨਾਲ ਹਰਾਇਆ | ਇਸੇ ਤਰ੍ਹਾਂ ਲੜਕਿਆਂ ਦੇ ਹੋਏ ਬਾਸਕਟਬਾਲ ਮੁਕਾਬਲਿਆਂ ਦੌਰਾਨ ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਟੀਮ ਨੇ ਨੈਸ਼ਨਲ ਕਾਲਜ ਕਾਲਜ ਭੀਖੀ ਨੂੰ 49-40 ਦੇ ਫ਼ਰਕ ਨਾਲ ਹਰਾਇਆ | ਜਦੋਂ ਕਿ ਐਮ.ਐਮ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ 78-70 ਦੇ ਫਰਕ ਨਾਲ ਹਰਾਇਆ | ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾਕਟਰ ਸੋਹਣਦੀਪ ਸਿੰਘ ਜੁਗਨੂੰ ਅਤੇ ਡਾਕਟਰ ਰਣਧੀਰ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ |