ਸੰਗਰੂਰ, 3 ਨਵੰਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਵਿਚ ਜਿਸ ਉੱਪਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਦਾ ਵਿਵਾਦ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ ਹੈ | ਅੱਜ ਸਥਿਤੀ ਉਸ ਵੇਲੇ ਬੇਹੱਦ ਪੇਚੀਦਾ ਹੋ ਗਈ ਜਦ ਸੱਤਾਧਾਰੀ ਧਿਰ ਨਾਲ ਸਬੰਧਿਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਜਿਨ੍ਹਾਂ ਦੀ ਪਤਨੀ ਬੀਬੀ ਗੁਰਦੀਪ ਕੌਰ ਕੌਂਸਲਰ ਹਨ ਤੋਂ ਇਲਾਵਾ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ ਰਾਜੂ ਜੈਨ, ਜਗਜੀਤ ਸਿੰਘ ਕਾਲਾ ਕੌਂਸਲਰ, ਕੌਂਸਲਰ ਪ੍ਰਦੀਪ ਪੁਰੀ, ਕੌਂਸਲਰ ਅਵਤਾਰ ਸਿੰਘ ਤਾਰਾ, ਕੌਂਸਲਰ ਪਰਮਿੰਦਰ ਸਿੰਘ ਪਿੰਕੀ, ਕੌਂਸਲਰ ਹਰਪ੍ਰੀਤ ਸਿੰਘ ਸੇਖੋਂ ਦੀ ਸਾਂਝੀ ਅਗਵਾਈ ਹੇਠ ਕੌਂਸਲਰਾਂ ਨੇ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਮੁੱਖ ਗੇਟ ਨੂੰ ਜਿੰਦਰਾ ਲੱਗਾ ਦਿੱਤਾ | ਕੌਂਸਲਰਾਂ ਦੀ ਇਸ ਕਾਰਵਾਈ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਚ ਹੜਕੰਪ ਮਚਾ ਦਿੱਤਾ | ਇੱਥੇ ਇਹ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਬਹੁਮਤ ਲੈਣ ਤੋਂ ਵਾਂਝੀ ਰਹੀ ਆਪ ਪਾਰਟੀ ਨੇ ਕਈ ਆਜ਼ਾਦ ਕੌਂਸਲਰਾਂ ਦੀ ਹਮਾਇਤ ਨਾਲ ਪ੍ਰਧਾਨਗੀ ਉੱਤੇ ਤਾਂ ਕਬਜ਼ਾ ਕਰ ਲਿਆ ਸੀ ਪਰ ਨਗਰ ਕੌਂਸਲ ਦੇ ਸੱਤਾਧਾਰੀ ਧਿਰ ਦੀ ਆਪਸੀ ਫੁੱਟ ਅਤੇ ਢਿੱਲੀ ਕਾਰਗੁਜ਼ਾਰੀ ਸ਼ਹਿਰ ਵਿਚ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ | ਅੱਜ ਦੇ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਹਰਬੰਸ ਲਾਲ ਨੇ ਦੱਸਿਆ ਕਿ ਉਹ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਘਟੀਆ ਕਾਰਗੁਜ਼ਾਰੀ ਨੂੰ ਲੈ ਕੇ ਚੰਡੀਗੜ੍ਹ ਵਿਖੇ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਬੀਰ ਸਿੰਘ, ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਚੁੱਕੇ ਹਨ ਪਰ ਕੌਂਸਲਰਾਂ ਦੀ ਇਹ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫ਼ਤਰ ਇਸ ਵੇਲੇ ਅਨਾਥ ਬਣਿਆ ਹੋਇਆ ਹੈ ਨਾ ਤਾਂ ਕਾਰਜ ਸਾਧਕ ਅਫ਼ਸਰ, ਨਾ ਹੀ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਕਮੇਟੀ ਵਿਚ ਆਉਂਦੇ ਹਨ ਅਤੇ ਨਾ ਹੀ ਕੋਈ ਅਧਿਕਾਰੀ ਕੌਂਸਲਰਾਂ ਦੀ ਜਾਂ ਸ਼ਹਿਰ ਵਾਸੀਆਂ ਦੀ ਕੋਈ ਸੁਣਵਾਈ ਕਰ ਰਿਹਾ ਹੈ | ਸ਼ਹਿਰ ਵਿਚ ਸਫ਼ਾਈ ਦੀ ਘਾਟ, ਸੀਵਰੇਜ ਦੇ ਗੰਦੇ ਪਾਣੀ ਦੀ ਬਦੌਲਤ ਅਤੇ ਟੂਟੀਆਂ ਵਿਚੋਂ ਆ ਰਹੇ ਪ੍ਰਦੂਸ਼ਣ ਪਾਣੀ ਦੀ ਵਜਾਹ ਨਾਲ ਰੋਜ਼ਾਨਾ ਸੰਗਰੂਰ ਵਾਸੀ ਡੇਂਗੂ, ਚਿਕਨਗੁਣੀਆ ਵਰਗੀਆਂ ਭਿਆਨਕ ਬਿਮਾਰੀਆਂ ਦੀ ਪੀੜ੍ਹਾ ਝੱਲ ਰਹੇ ਹਨ | ਹਰਬੰਸ ਲਾਲ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਸ਼ਹਿਰ ਵਿਚ ਇੰਨਾ ਬਿਮਾਰੀਆਂ ਦੇ ਪ੍ਰਕੋਪ ਦੇ ਚੱਲਦਿਆਂ ਮੌਤਾਂ ਹੋ ਰਹੀਆਂ ਹਨ ਪਰ ਨਗਰ ਕੌਂਸਲ ਅਧਿਕਾਰੀਆਂ ਅਤੇ ਪ੍ਰਧਾਨ ਦੀ ਗੈਰ ਹਾਜ਼ਰੀ ਕਾਰਨ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਸ਼ਹਿਰ ਦੇ ਸਮੁੱਚੇ ਵਿਕਾਸ ਕਾਰਜ ਰੁਕੇ ਪਏ ਹਨ | ਪਿਛਲੇ ਸਾਲ ਤੋਂ ਟੈਂਡਰ, ਵਰਕ ਆਰਡਰ ਹੋਣ ਦੇ ਬਾਵਜੂਦ ਵੀ ਕੰਮ ਨਾ ਹੋਣ ਕਾਰਨ ਸ਼ਹਿਰ ਦੀ ਟੁੱਟੀਆਂ ਸੜਕਾਂ ਦਿਨ ਪ੍ਰਤੀ ਦਿਨ ਲੋਕਾਂ ਦੀ ਮੁਸੀਬਤਾਂ ਨੂੰ ਹੋਰ ਵਧਾ ਰਹੀਆਂ ਹਨ | ਹਰਬੰਸ ਲਾਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਸੱਤਾਧਾਰੀ ਧਿਰ ਵਿਚ ਹੋਣ ਦੇ ਬਾਵਜੂਦ ਵੀ ਕੌਂਸਲਰਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਨਗਰ ਕੌਂਸਲ ਦੇ ਦਫ਼ਤਰ ਨੂੰ ਜਿੰਦਰਾ ਲਗਾਉਣ ਲਈ ਮਜਬੂਰ ਹੋਏ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭੁਪਿੰਦਰ ਸਿੰਘ ਨਹਿਲ ਨੂੰ ਪ੍ਰਧਾਨਗੀ ਤੋਂ ਲਾਭੇਂ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨਗਰ ਕੌਂਸਲ ਵਿਚ ਮੌਜੂਦ ਨਹੀ ਸਨ | ਉਨ੍ਹਾਂ ਨਾਲ ਜਦ ਫ਼ੋਨ ਉੱਤੇ ਗੱਲ ਕੀਤੀ ਅਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਕਮੇਟੀ ਨੂੰ ਜਿੰਦਰਾ ਲੱਗਣ ਕਾਰਨ ਲੋਕ ਪੇ੍ਰਸ਼ਾਨ ਹੋ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਤਰਨਤਾਰਨ ਜ਼ਿਮਨੀ ਚੋਣ ਵਿਚ ਮਸਰੂਫ਼ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰ ਕੇ ਇਹ ਮਸਲਾ ਸੁਲਝਾਉਣ ਦਾ ਯਤਨ ਕਰ ਰਹੇ ਹਨ | ਜਦ ਕਿ ਕਾਰਜ ਸਾਧਕ ਅਫ਼ਸਰ ਅਸੀਸ ਕੁਮਾਰ ਨੇ ਕਿਹਾ ਕਿ ਇਸ ਮਸਲੇ ਵਿਚ ਅਧਿਕਾਰੀਆਂ ਜਾ ਮੁਲਜ਼ਮਾ ਦੀ ਦਾ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਇਹ ਕੌਂਸਲਰਾਂ ਦੇ ਰਾਜਨੀਤਿਕ ਮਤਭੇਦਾਂ ਨਾਲ ਸਬੰਧਿਤ ਹੈ ਪਰ ਉਹ ਜਲਦ ਹੀ ਨਗਰ ਕੌਂਸਲ ਦਾ ਗੇਟ ਖੁੱਲ੍ਹਵਾਂ ਕੇ ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਖੱਜਲ ਖ਼ੁਆਰ ਨਹੀ ਹੋਣ ਦੇਣਗੇ | ਕੌਂਸਲਰਾਂ ਦੇ ਕੁੱਝ ਕੁ ਸਮੇਂ ਦੇ ਪ੍ਰਦਰਸ਼ਨ ਉਪਰੰਤ ਅੰਤ ਮੁੱਖ ਗੇਟ ਖ਼ੋਲ੍ਹ ਦਿੱਤਾ ਗਿਆ |