ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਗੋਲਡਨ ਅਰਥ ਗਲੋਬਲ ਸਕੂਲ ਵਿਚ 22 ਨਵੰਬਰ ਨੂੰ ਇੱਕ ਸ਼ਾਨਦਾਰ ਕੈਰੀਅਰ ਕਾਉਂਸਲਿੰਗ ਪੋ੍ਰਗਰਾਮ ਕੀਤਾ ਗਿਆ, ਜਿਸ ਵਿਚ 14 ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸਮੇਤ ਭਾਗ ਲਿਆ | ਇਸ ਪੋ੍ਰਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ ਖੇਤਰਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਭਵਿੱਖ ਦੀ ਦਿਸ਼ਾ ਤੈਅ ਕਰਨ ਵਿਚ ਮਦਦ ਪ੍ਰਦਾਨ ਕਰਨਾ ਸੀ | ਇਸ ਪ੍ਰੋਗਰਾਮ ਵਿਚ ਕਈ ਪ੍ਰਸਿੱਧ ਮਾਹਰਾਂ ਨੇ ਸ਼ਿਰਕਤ ਕੀਤੀ | ਸਾਰੇ ਮਾਹਰਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਮੌਕਿਆਂ ਅਤੇ ਲੋੜੀਂਦੀਆਂ ਯੋਗਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਵਿਦਿਆਰਥੀਆਂ ਨੇ ਵੀ ਬਹੁਤ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਉਪ-ਵਿਸ਼ਿਆਂ ਸੰਬੰਧੀ ਬਹੁਤ ਦਿਲਚਸਪੀ ਦਿਖਾਈ | ਭਾਰਤੀ ਸੈਨਾ ਦੇ ਲਿਫ਼ਟਿਨੈਂਟ ਕਰਨਲ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਦੇਸ਼ ਸੇਵਾ ਦੇ ਪ੍ਰੇਰਣਾਦਾਇਕ ਮੌਕਿਆਂ ਅਤੇ ਸੈਨਾ ਵਿਚ ਉਪਲਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਅਨੁਸ਼ਾਸਨ, ਸਮਰਪਣ ਅਤੇ ਨੇਤਿ੍ਤਵ ਸਮਰੱਥਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਬੱਚਿਆਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪਿੰ੍ਰਸੀਪਲ ਡਾ. ਪਰਮਿੰਦਰ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਕੈਰੀਅਰ ਕਾਉਂਸਲਿੰਗ ਸੈਸ਼ਨ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਦੀ ਮਜ਼ਬੂਤ ਨੀਂਹ ਰੱਖਦੇ ਹਨ | ਸਹੀ ਦਿਸ਼ਾ ਅਤੇ ਸਮੇਂ 'ਤੇ ਮਿਲਣ ਵਾਲਾ ਮਾਰਗ ਦਰਸ਼ਨ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੂੰ ਪਛਾਣਨ ਅਤੇ ਸਹੀ ਖੇਤਰ ਚੁਣਨ ਯੋਗ ਬਣਾਉਂਦਾ ਹੈ | ਇਸੇ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਸ: ਤੇਜਿੰਦਰ ਸਿੰਘ ਵਾਲੀਆ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਗੋਲਡਨ ਅਰਥ ਗਲੋਬਲ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਰਵ ਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਤਤਪਰ ਰਹਿੰਦਾ ਹੈ | ਇਸ ਪ੍ਰੋਗਰਾਮ ਦੀ ਸਮਾਪਤੀ 'ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਇਸ ਪੋ੍ਰਗਰਾਮ ਦੀ ਸਰਾਹਨਾ ਕੀਤੀ ਅਤੇ ਇਸ ਨੂੰ ਬਹੁਤ ਹੀ ਲਾਭਦਾਇਕ ਦੱਸਿਆ | ਸਕੂਲ ਦੀ ਮੈਨੇਜਮੈਂਟ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਗਿਆਨ ਵਰਧਕ ਪੋ੍ਰਗਰਾਮ ਕਰਵਾਉਣ ਦਾ ਭਰੋਸਾ ਦਿੱਤਾ |