ਚੀਮਾ ਮੰਡੀ, 24 ਨਵੰਬਰ (ਪੱਤਰ ਪ੍ਰੇਰਕ) - ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਸ਼ੋ੍ਰਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ 'ਚ ਤਿੰਨ ਰੋਜਾ ਧਾਰਮਿਕ ਸਮਾਗਮ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਕਰਵਾਇਆ ਗਿਆ | ਸਮਾਗਮ ਦੌਰਾਨ 21 ਨਵੰਬਰ ਨੂੰ 11 ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੇ ਭੋਗ 23 ਨਵੰਬਰ ਨੂੰ ਪਾਏ ਗਏ ਅਤੇ 1100 ਸ੍ਰੀ ਸਾਹਿਜ ਪਾਠ ਦੇ ਵੀ ਭੋਗ ਪਾਏ ਗਏ | ਸਮਾਗਮ ਮੌਕੇ ਜਿੱਥੇ ਹਜੂਰੀ ਰਾਗੀ ਜਥਾ ਗੁ. ਜਨਮ ਅਸਥਾਨ ਚੀਮਾ ਨੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਓਥੇ ਨਾਲ ਹੀ ਅਨਾਹਦ ਬਾਣੀ ਜਥਾ ਬੜੂ ਸਾਹਿਬ ਵਲੋਂ ਵੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਗਿਆਨੀ ਰਘਵੀਰ ਸਿੰਘ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਨੌਵੇਂ ਪਾਤਸਾਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਬਾਰੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ 'ਚ 131 ਅਕਾਲ ਅਕੈਡਮੀਆਂ ਸਥਾਪਤ ਕੀਤੀਆਂ, ਜਿੱਥੇ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇ ਨਾਲ ਨਾਲ ਅਧਿਆਤਮਿਕ ਵਿੱਦਿਆ ਪ੍ਰਦਾਨ ਕਰਨਾ ਬਹੁਤ ਵੱਡਾ ਉਪਰਾਲਾ ਹੈ, ਜਿਸ ਨਾਲ ਬੱਚੇ ਆਪਣੇ ਧਰਮ ਨਾਲ ਵੀ ਜੁੜੇ ਰਹਿਣਗੇ | ਇਸ ਮੌਕੇ ਬਾਬਾ ਟੇਕ ਸਿੰਘ ਧਨੌਲਾ ਸਿੰਘ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਾਬਾ ਕਸ਼ਮੀਰਾ ਸਿੰਘ ਅਲੋਹਰਾ ਵਾਲੇ, ਬਾਬਾ ਜਗਰੂਪ ਸਿੰਘ ਕੱਟੂ ਵਾਲੇ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਵਚਨ ਦਿੱਤੇ | ਸਮਾਗਮ ਦੇ ਅੰਤ 'ਚ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਨੇ ਪਹੁੰਚੇ ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਤੇ ਸਮਾਗਮ ਸਮੇਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਮੌਜੂਦ ਸਨ |