ਅਮਰਗੜ੍ਹ, 24 ਨਵੰਬਰ (ਪਵਿੱਤਰ ਸਿੰਘ ਜਤਿੰਦਰ ਮੰਨਵੀ) - ਸਿੱਖਿਆ ਦੇ ਖੇਤਰ 'ਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੀ ਸੰਸਥਾ ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਪਿ੍ੰਸੀਪਲ ਅਸ਼ਵਿੰਦਰ ਕੁਮਾਰ ਦਾਨੀ ਨੇ ਦੱਸਿਆ ਕਿ ਸਕੂਲ ਵਿਚ ਸਵੇਰ ਦੀ ਪ੍ਰਾਰਥਨਾ ਵਿਚ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਵਾਇਸ ਪਿ੍ੰਸੀਪਲ ਮੈਡਮ ਮਮਤਾ ਦਾਨੀ ਨੇ ਦੱਸਿਆ ਕਿ ਗੁਰੂ ਜੀ ਦਾ ਜੀਵਨ ਸੱਚ ਤੇ ਨਿਡਰਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ | ਸਕੂਲ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਦਾਨੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਬੱਚਿਆਂ ਨੂੰ ਰੂਹਾਨੀ ਤਾਕਤ, ਸਹਿਣਸ਼ੀਲਤਾ ਤੇ ਨਿਮਰਤਾ ਸਿਖਾਉਂਦੇ ਹਨ | ਮੈਡਮ ਬਲਵਿੰਦਰ ਕੌਰ ਬਾਗੜੀਆਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ |