ਅਮਰਗੜ੍ਹ, 7 ਦਸੰਬਰ (ਜਤਿੰਦਰ ਮੰਨਵੀ)-ਅਮਰਗੜ੍ਹ ਪੁਲਿਸ ਥਾਣੇ ਵਿਚੋਂ ਇੱਕ ਹਵਾਲਾਤੀ ਦੇ ਫ਼ਰਾਰ ਹੋਣ ਬਾਰੇ ਇਲਾਕੇ 'ਚ ਚਰਚਾ ਜੋਰਾਂ 'ਤੇ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮਲੇਰਕੋਟਲਾ ਦਾ ਰਹਿਣ ਵਾਲਾ ਇਕ ਵਿਅਕਤੀ ਕਿਸੇ ਮਾਮਲੇ 'ਚ ਅਮਰਗੜਪੁਲਿਸ ਵਲੋਂ ਲਿਆਂਦਾ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਉਸ ਨੇ ਉਲਟੀ ਆਉਣ ਦਾ ਬਹਾਨਾ ਬਣਾਇਆ ਅਤੇ ਬਾਥਰੂਮ ਜਾਣ ਦੀ ਆਗਿਆ ਲੈ ਕੇ ਅਚਾਨਕ ਰਫ਼ੂ-ਚੱਕਰ ਹੋ ਗਿਆ | ਹਾਲਾਂਕਿ, ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੰੂ ਕੁਝ ਸਮੇਂ ਬਾਅਦ ਮੁੜ ਕਾਬੂ ਕਰ ਲਿਆ | ਬੇਸ਼ੱਕ ਇਸ ਖ਼ਬਰ ਦੀ ਕੋਈ ਸਰਕਾਰੀ ਜਾਂ ਪੁਖ਼ਤਾ ਪੁਸ਼ਟੀ ਨਹੀਂ ਹੈ, ਪਰ ਲੋਕਾਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਕੁੰਡਾ ਲਾ ਕੇ ਕਿਵੇਂ ਨਿਕਲ ਗਿਆ ਅਤੇ ਇਹ ਸੁਰੱਖਿਆ ਤੇ ਨਿਗਰਾਨੀ ਵਿਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਗਈ | ਇਸ ਮਾਮਲੇ 'ਚ ਥਾਣਾ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨਾਂ ਨੇ ਕਿਹਾ ਕਿ ਉਹ ਇਸ ਵੇਲੇ ਭੋਗ ਤੇ ਹਨ ਅਤੇ ਉਨਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ | ਉਨਾਂ ਵਲੋਂ ਜਾਣਕਾਰੀ ਲੈ ਕੇ ਮੁੜ ਫ਼ੋਨ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ, ਪਰ ਬਾਅਦ ਵਿਚ ਕੋਈ ਸੰਪਰਕ ਨਹੀਂ ਕੀਤਾ ਗਿਆ | ਇਲਾਕੇ 'ਚ ਫੈਲੀ ਇਹ ਚਰਚਾ ਲੋਕਾਂ ਵਿਚ ਕਈ ਸਵਾਲ ਖੜੇ ਕਰ ਰਹੀ ਹੈ, ਪਰ ਅਜੇ ਤੱਕ ਪੁਲਿਸ ਵਲੋਂ ਇਸ ਸਬੰਧੀ ਕੋਈ ਅਧਿਕਾਰਕ ਬਿਆਨ ਜਾ ਸਪਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ |