ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਕਰਜਾਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਆਪਣੀ ਸੰਗਰੂਰ ਫੇਰੀ ਦੌਰਾਨ ਅਕਾਲੀ ਆਗੂ ਅਤੇ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਦੀ ਰਿਹਾਇਸ਼ ਵਿਖੇ ਪਹੁੰਚੇ | ਆਪਣੀ ਇਸ ਫੇਰੀ ਬਾਰੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਕੋਈ ਰਾਜਸੀ ਪ੍ਰੋਗਰਾਮ ਨਹੀਂ ਸਗੋਂ ਉਨਾਂ ਦਾ ਚਮਨਦੀਪ ਸਿੰਘ ਮਿਲਖੀ ਨਾਲ ਨਿੱਜੀ ਰਿਸ਼ਤਾ ਹੈ ਜਿਸ ਦੇ ਚੱਲਦਿਆਂ ਹੀ ਅੱਜ ਉਹ ਉਨਾਂ ਦੇ ਘਰ ਪਹੁੰਚੇ ਹਨ | ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਅਤੇ ਚਿੰਤਾਜਨਕ ਹਨ ਹਰ ਪਾਸੇ ਅਰਾਜਕਤਾ ਦਾ ਮਾਹੌਲ ਹੈ | ਪੰਜਾਬ ਅੰਦਰ ਦਿਨ ਚੜਦੇ ਸਾਰ ਹੀ ਕਿਸੇ ਨਾ ਕਿਸੇ ਸ਼ਹਿਰ ਅੰਦਰ ਗੋਲੀਬਾਰੀ ਅਤੇ ਲੁੱਟ ਆਦਿ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ | ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿਚ ਪੂਰੀ ਤਰਾਂ ਨਾਲ ਅਸਫਲ ਸਾਬਤ ਹੋਈ ਹੈ | ਚਮਨਦੀਪ ਮਿਲਖੀ ਨੇ ਅਸ਼ਵਨੀ ਸ਼ਰਮਾ ਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨਾਂ ਦੇ ਘਰ ਪਹੁੰਚਣ ਉੱਤੇ ਧੰਨਵਾਦ ਕਰਦਿਆਂ ਉਨਾਂ ਨੂੰ ਸਤਿਕਾਰ ਵਿਚ ਸਿਰਪਾਓ ਅਤੇ ਦੁਸ਼ਾਲਾ ਭੇਂਟ ਕੀਤਾ | ਇਸ ਮੌਕੇ ਫ਼ਿਲਮੀ ਅਦਾਕਾਰ ਅਤੇ ਭਾਜਪਾ ਆਗੂ ਹੌਬੀ ਧਾਲੀਵਾਲ, ਦਰਸ਼ਨ ਸਿੰਘ ਨੈਣੇਵਾਲੀਆ, ਮਨਿੰਦਰ ਕਪਿਆਲ, ਰਣਦੀਪ ਦਿਓਲ, ਜੀਤ ਕਪਿਆਲ ਅਤੇ ਜੱਗੀ ਲਾਡਵਣਜਾਰਾ ਆਦਿ ਆਗੂ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ |