ਸੰਦੌੜ, 17 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਅੱਜ ਐਲਾਨੇ ਗਏ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜਿਆਂ ਵਿਚ ਕਾਫੀ ਉਲਟ ਫੇਰ ਦੇਖਣ ਨੂੰ ਮਿਲਿਆ | ਹਲਕਾ ਮਲੇਰਕੋਟਲਾ ਅੰਦਰ ਹਾਸੀਏ ਤੇ ਚਲੇ ਗਏ ਸ਼ੋ੍ਰਮਣੀ ਅਕਾਲੀ ਦਲ ਨੂੰ ਇਨ੍ਹਾਂ ਚੋਣ ਨਤੀਜਿਆਂ ਨੇ ਪੈਰਾਂ ਸਿਰ ਕਰ ਦਿੱਤਾ ਹੈ | ਲੰਘੇ ਕੁੱਝ ਸਾਲਾਂ ਵਿਚ ਬੁਰੀ ਤਰ੍ਹਾਂ ਹਤਾਸ ਅਤੇ ਨਿਰਾਸ ਅਕਾਲੀ ਵਰਕਰਾਂ ਲਈ ਇਹ ਚੋਣਾਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ | ਬਲਾਕ ਸੰਮਤੀ ਦੀਆਂ 15 ਸੀਟਾਂ ਵਿਚੋਂ ਅਕਾਲੀ ਦਲ ਨੇ ਸਭ ਤੋਂ ਵੱਧ 6 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਜਦਕਿ ਸੱਤਾ ਧਿਰ ਆਮ ਆਦਮੀ ਪਾਰਟੀ ਨੂੰ 5 ਸੀਟਾਂ ਅਤੇ ਕਾਂਗਰਸ ਪਾਰਟੀ ਨੂੰ 4 ਸੀਟਾਂ ਤੇ ਸਬਰ ਕਰਨਾ ਪਿਆ | ਜ਼ਿਲ੍ਹਾ ਪ੍ਰੀਸ਼ਦ ਦੇ ਸੰਦੌੜ ਸੀਟ ਤੋਂ ਆਪ ਉਮੀਦਵਾਰ ਡਾ. ਹਰੀਪਾਲ ਸਿੰਘ ਨੇ ਜੇਤੂ ਰਿਹਾ ਜਦਕਿ ਕੁਠਾਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਨਿੰਦਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ | ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜੇ ਭਾਵੇਂ ਅਕਾਲੀ ਦਲ ਦੇ ਹੱਕ ਵਿਚ ਨਹੀਂ ਆਏ ਪਰ ਜ਼ਿਲ੍ਹਾ ਪ੍ਰੀਸ਼ਦ ਦੀ ਕੁਠਾਲਾ ਸੀਟ ਤੋਂ ਅਕਾਲੀ ਉਮੀਦਵਾਰ ਜਥੇਦਾਰ ਤਰਲੋਚਨ ਸਿੰਘ ਧਲੇਰ ਮਹਿਜ਼ ਕੁੱਝ ਵੋਟਾਂ ਦੇ ਫਰਕ ਨਾਲ ਹਾਰ ਗਏ ਜਦਕਿ ਹਥਨ ਸੀਟ ਤੋਂ ਅਕਾਲੀ ਉਮੀਦਵਾਰ ਮਹਿਜ਼ 68 ਵੋਟਾਂ ਤੋਂ ਆਪਣੇ ਵਿਰੋਧੀ ਉਮੀਦਵਾਰ ਤੋਂ ਪਛੜ ਗਿਆ | ਐਲਾਨੇ ਚੋਣ ਨਤੀਜਿਆਂ ਮੁਤਾਬਿਕ ਬਲਾਕ ਸੰਮਤੀ ਜੋਨ ਮਹੋਲੀ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਮੇਜਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ | ਸੰਦੌੜ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਮੋਹਨ ਸਿੰਘ ਫੌਜੇਵਾਲ ਨੇ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਮਿੱਠੇਵਾਲ (ਦਸੌਧਾ ਸਿੰਘ ਵਾਲਾ) ਜੋਨ ਤੋਂ ਆਪ ਉਮੀਦਵਾਰ ਸੰਤੋਖ ਸਿੰਘ ਜੇਤੂ ਰਿਹਾ | ਪਿੰਡ ਖੁਰਦ ਦੇ ਦਿਲਚਸਪ ਮੁਕਾਬਲੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਗਿੱਲ ਪਤਨੀ ਵੈਦ ਨਰਿੰਦਰ ਸਿੰਘ ਦੁਲਮਾਂ 135 ਵੋਟਾਂ ਤੇ ਜੇਤੂ ਰਹੇ |ਜੋਨ ਇਲਫਾਤਪੁਰਾ ਤੋਂ ਅਕਾਲੀ ਉਮੀਦਵਾਰ ਬੀਬੀ ਸਹਿਨਾਜ ਪਤਨੀ ਡਾ. ਸੁਰਾਜ ਮੁਹੰਮਦ ਚੱਕ ਜੇਤੂ ਰਹੀ | ਭੂਦਨ ਜੋਨ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ |ਜੋਨ ਅਹਿਮਦਪੁਰ ਤੋਂ ਅਕਾਲੀ ਉਮੀਦਵਾਰ ਸੁਦਾਗਰ ਸਿੰਘ ਨੇ ਜਿੱਤ ਹਾਸਲ ਕੀਤੀ | ਕਸਬਾ ਭੁਰਾਲ ਜੋਨ ਤੋਂ ਅਕਾਲੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੀ | ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਹਰਜੀਤ ਕੌਰ ਨੇ ਕੁਠਾਲਾ ਜੋਨ, ਗੁਰਮੀਤ ਕੌਰ ਨੇ ਧਨੋਂ ਜੋਨ, ਅਤੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਝੁਨੇਰ ਨੇ ਝੁਨੇਰ ਜੋਨ ਤੋਂ ਜਿੱਤ ਪ੍ਰਾਪਤ ਕੀਤੀ | ਸ਼ੋ੍ਰਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਜਾਹਿਦਾ ਸੁਲੇਮਾਨ ਨੇ ਜੇਤੂ ਅਕਾਲੀ ਉਮੀਦਵਾਰਾਂ ਨੂੰ ਵਧਾਈ ਦਿੱਤੀ |