ਦਿੜ੍ਹਬਾ ਮੰਡੀ, 17 ਦਸੰਬਰ (ਹਰਬੰਸ ਸਿੰਘ ਛਾਜਲੀ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਪੰਜਾਬ ਸਰਕਾਰ ਦੇ ਪਿਛਲੇ 4 ਸਾਲਾਂ ਦੀ ਚੰਗੀ ਕਾਰਗੁਜ਼ਾਰੀ ਸਦਕਾ ਹੋਈ ਹੈ | ਲੋਕਾਂ ਨੇ ਵੱਡਾ ਫ਼ਤਵਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਦਿੱਤਾ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ | ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਵਿਚ ਬਣਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੀ ਛੋਟੀ ਵਿਧਾਨ ਸਭਾ 'ਚ ਵੱਡੀ ਜਿੱਤ ਦਿੱਤੀ ਹੈ | ਜਿੱਤ ਲਈ ਪਾਰਟੀ ਵਰਕਰਾਂ ਨੇ ਅਣਥੱਕ ਮਿਹਨਤ ਕੀਤੀ | ਪਾਰਟੀ ਨੇ ਉਮੀਦਵਾਰ ਵੀ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਬਣਾਇਆ ਸੀ | ਸ. ਚੀਮਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਅੰਦਰ ਨਹਿਰੀ ਪਾਣੀ ਲਈ ਪਾਈਪ ਵਿਛਾਉਣਾ, ਖੇਤਾਂ ਲਈ ਬਿਜਲੀ ਬਿਨਾਂ ਕੱਟ ਤੋਂ ਦਿਨੇ ਬਿਜਲੀ ਦੇਣਾ, ਪੰਜਾਬ ਅੰਦਰ ਸੜਕਾਂ ਦਾ ਜਾਲ ਵਿਛਾਉਣਾ, ਪ੍ਰਸ਼ਾਸਨਿਕ ਸੁਧਾਰ ਤੇ ਹੋਰ ਵਿਕਾਸ ਕਾਰਜਾਂ ਦੇ ਕੰਮਾਂ ਨੇ ਜਿੱਤ ਨੂੰ ਯਕੀਨੀ ਬਣਾਇਆ ਹੈ | ਨੇਪਰੇ ਚਾੜ੍ਹਨਾ ਸਰਕਾਰ ਦੀ ਜਿੱਤ ਦਾ ਕਾਰਨ ਹੈ | ਵੱਡੀ ਜਿੱਤ ਨੇ 2027 ਦੀਆਂ ਚੋਣਾਂ ਦੀ ਜਿੱਤ ਦਾ ਵੀ ਸੰਕੇਤ ਦੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਅੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ | ਜਿਸ ਕਰਕੇ 2027 ਵਿਚ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਛੱਡ ਦੇਣ |