ਸੰਗਰੂਰ, 19 ਦਸੰਬਰ (ਅਮਨਦੀਪ ਸਿੰਘ ਬਿੱਟਾ)-ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਈ ਲਾਲੋ ਪੰਜਾਬੀ ਮੰਚ, ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਲੋਨੀ ਬਾਹਰ ਮਨਰੇਗਾ ਕਾਨੂੰਨ ਉੱਪਰ ਹਮਲੇ ਅਤੇ ਬਿਜਲੀ ਬਿੱਲ 2025 ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਜਿਸ ਵਿਚ ਮਹਿਲਾਵਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ ਪਹਿਲਾ ਸੰਗਰੂਰ ਪਟਿਆਲਾ ਬਾਈਪਾਸ ਦੇ ਫਲਾਈਓਵਰ ਹੇਠਾਂ ਇਕੱਤਰ ਹੋਏ ਜਿੱਥੇ ਉਹ ਤੇਜ਼ੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ ਜਿੱਥੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਵੱਜੋ ਤਾਇਨਾਤ ਡਿਊਟੀ ਅਫ਼ਸਰ ਨੂੰ ਮੰਗ ਪੱਤਰ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਜੁਗਰਾਜ ਸਿੰਘ ਟੱਲੇਵਾਲ, ਹਰਜੀਤ ਸਿੰਘ ਖ਼ਿਆਲੀ ਅਤੇ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਕਾਨੂੰਨ ਨੂੰ ਰੱਦ ਕਰ ਕੇ ਨਵਾਂ ਮਜ਼ਦੂਰ ਵਿਰੋਧੀ ਕਾਨੂੰਨ ਲਿਆਉਣ, ਕੇਂਦਰੀ ਬਜਟ ਵਿਚ ਕਟੌਤੀ ਕਰਨ, ਮਜ਼ਦੂਰਾਂ ਤੋਂ ਕੰਮ ਮੰਗਣ ਦਾ ਕਾਨੂੰਨੀ ਅਧਿਕਾਰ ਖੋਹਣ ਅਤੇ ਬਿਜਲੀ ਬਿੱਲ 2025 ਦੇ ਖ਼ਿਲਾਫ਼ ਇਸ ਰੋਸ ਮੁਜ਼ਾਹਰੇ ਦੇ ਕਰਨ ਦਾ ਮੁੱਖ ਮੰਤਵ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਵਰਗੀ ਲੋਕ ਹਿਤੂ ਯੋਜਨਾ ਨੂੰ ਜਾਣਬੁੱਝ ਕੇ ਖ਼ਤਮ ਕੀਤਾ ਜਾ ਰਿਹਾ ਹੈ | ਮਨੇਰਗਾ ਅਧੀਨ ਮਜ਼ਦੂਰਾਂ ਨੂੰ ਸਾਲਾਨਾ 100 ਦਿਨਾਂ ਦਾ ਕੰਮ ਮੰਗਣ ਦਾ ਜੋ ਕਾਨੂੰਨੀ ਹੱਕ ਸੀ, ਉਸ ਨੂੰ ਨਵੇਂ ਕਾਨੂੰਨ ਰਾਹੀ ਖ਼ਤਮ ਕੀਤਾ ਜਾ ਰਿਹਾ ਹੈ | ਦਿਖਾਵੇ ਲਈ ਕੰਮ ਦੇ ਦਿਨ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸਲ ਵਿਚ ਕੇਂਦਰ ਸਰਕਾਰ ਨੇ ਮਨਰੇਗਾ ਲਈ ਆਪਣਾ ਬਜਟ-ਘਟਾ ਕੇ ਸਾਰੀ ਜ਼ਿੰਮੇਵਾਰੀ ਰਾਜ ਸਰਕਾਰ ਉੱਪਰ ਧੱਕ ਰਹੀ ਹੈ | ਇਸੇ ਤਰ੍ਹਾਂ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਨਾਲ ਬਿਜਲੀ ਦਰਾਂ ਵਿਚ ਭਾਰੀ ਵਾਧਾ ਹੋਵੇਗਾ ਅਤੇ ਕਿਸਾਨਾਂ, ਮਜ਼ਦੂਰਾਂ ਆਮ ਲੋਕਾਂ ਉੱਪਰ ਆਰਥਿਕ ਤੌਰ ਉੱਤੇ ਹੋਰ ਬੋਝ ਪਵੇਗਾ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ, ਡਾ. ਦਰਸ਼ਨਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਨਾਮ ਸਿੰਘ ਭੋਤਨਾ, ਮੱਖਣ ਰਾਮਗੜ੍ਹ, ਡਾ. ਧੰਨਾ ਮੱਲ ਗੋਇਲ, ਗੁਰਮੇਲ ਮਾਛੀ ਕੇ, ਸੁਦਾਗਰ ਭੋਤਨਾ, ਜੀਵਨ ਬਿਲਾਸਪੁਰ, ਗੁਰਮੀਤ ਸਿੰਘ ਜੱਜ, ਬਲਦੇਵ ਸਿੰਘ ਸਹਿਜੜਾ, ਮਨਪ੍ਰੀਤ ਸਿੰਘ ਨਮੋਲ, ਸਿੰਗਰਾ ਸਿੰਘ ਸੋਹੀਆਂ, ਮਨਦੀਪ ਸਿੰਘ ਮਹਿਲ ਕਲਾਂ, ਬਾਬੂ ਸਿੰਘ ਭੋਤਨਾ ਨੇ ਵੀ ਸੰਬੋਧਨ ਕੀਤਾ | ਮਜ਼ਦੂਰ-ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ |