ਸ਼ੇਰਪੁਰ, 19 ਦਸੰਬਰ (ਮੇਘ ਰਾਜ ਜੋਸ਼ੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ ਵਰਕਰ ਦੇ ਤੌਰ ਤੇ ਕੰਮ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ | ਉੱਧਰ, ਪਾਰਟੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਹਲਕਾ ਮਹਿਲ ਕਲਾਂ ਤੋਂ ਪਾਰਟੀ ਟਿਕਟ ਦੇ ਚਾਹਵਾਨ ਦਰਜਨ ਤੋਂ ਵੱਧ ਉਮੀਦਵਾਰਾਂ ਦੀ ਆਪਸੀ ਖਿੱਚੋ-ਤਾਣ ਅਤੇ ਅੰਦਰੂਨੀ ਸਰਗਰਮੀਆਂ ਕਾਰਨ ਬਲਾਕ ਪ੍ਰਧਾਨ ਕਾਫ਼ੀ ਸਮੇਂ ਤੋਂ ਨਿਰਾਸ਼ਾ ਦੇ ਦੌਰ ਵਿਚ ਸਨ | ਦੱਸਿਆ ਜਾਂਦਾ ਹੈ ਕਿ ਅੰਦਰੂਨੀ ਅਸਹਿਮਤੀਆਂ ਨੇ ਵੀ ਚੋਣ ਨਤੀਜਿਆਂ 'ਤੇ ਪ੍ਰਭਾਵ ਪਾਇਆ |